ਰੇਲਵੇ ਦੇਸ਼ ਦੀ ਜੀਵਨ ਰੇਖਾ ਤੇ ਏਕਤਾ ਦਾ ਪ੍ਰਤੀਕ: ਰਾਜਪਾਲ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 22 ਮਈ
ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਇੱਥੇ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦੇ ਉਦਘਾਟਨ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਬਤੌਰ ਮੁੱਖ ਮਹਿਮਾਨ ਪੁੱਜੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਦੇ 103 ਸਟੇਸ਼ਨਾਂ ਦੇ ਨਾਲ ਡੱਬਵਾਲੀ ਸਟੇਸ਼ਨ ਦਾ ਵੀ ਲੋਕ ਅਰਪਣ ਕੀਤਾ। ਇਸ ਮੌਕੇ ਵਿਧਾਇਕ ਅਦਿੱਤਿਆ ਦੇਵੀ ਲਾਲ, ਸੁਨੀਤਾ ਦੁੱਗਲ, ਰੇਣੂ ਸ਼ਰਮਾ, ਰੇਲਵੇ ਦੇ ਏਜੀਐਮ ਅਸ਼ੋਕ ਮਹੇਸ਼ਵਰੀ, ਪੀਸੀਸੀਐੱਮ ਸੀਮਾ ਸ਼ਰਮਾ ਸਟੇਜ ’ਤੇ ਮੌਜੂਦ ਸਨ। ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਭਾਰਤੀ ਰੇਲਵੇ ਨੂੰ ਦੇਸ਼ ਦੀ ਜੀਵਨ ਰੇਖਾ ਅਤੇ ਏਕਤਾ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਇਹ ਪੂਰਬ ਤੋਂ ਪੱਛਮ ਅਤੇ ਉੱਤਰ ਤੋਂ ਦੱਖਣ ਨੂੰ ਜੋੜਦੀ ਹੈ। ਉਨ੍ਹਾਂ ਕਿਹਾ ਕਿ ਡੱਬਵਾਲੀ ਹਰਿਆਣਾ ਅਤੇ ਪੰਜਾਬ ਦੀ ਹੱਦ ’ਤੇ ਸਥਿਤ ਸੱਭਿਆਚਾਰਕ ਸੰਗਮ ਦਾ ਪ੍ਰਤੀਕ ਹੈ, ਜਿਸ ਦਾ ਆਪਣਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਹਰੇਕ ਪਰਿਵਾਰ ਨੂੰ ਸਾਲ ’ਚ ਇੱਕ ਵਾਰ ਰੇਲ ਰਾਹੀਂ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦਾ ਦੌਰਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਰੇਲਵੇ ਸਟੇਸ਼ਨ ਦੇ ਨਿਰੀਖਣ ਤਹਿਤ ਟਿਕਟ ਕਾਊਂਟਰ, ਪੁੱਛ-ਗਿੱਛ ਕੇਂਦਰ ’ਚ ਸਟਾਫ ਤੇ ਮੁਸਾਫ਼ਰਾਂ ਨਾਲ ਗੱਲਬਾਤ ਕੀਤੀ। ਰੇਲਵੇ ਅਧਿਕਾਰੀਆਂ ਨੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਵੀ ਕੀਤਾ। ਰੇਲਵੇ ਸਟੇਸ਼ਨ ਦੇ ਉਦਘਾਟਨ ਸਮਾਰੋਹ ’ਚ ਰਾਜਪਾਲ ਦੀ ਆਮਦ ਦੁਕਾਨਦਾਰਾਂ ’ਤੇ ਭਾਰੀ ਪਈ। ਪੁਲੀਸ ਨੇ ਸੁਰੱਖਿਆ ਦੇ ਨਾਂਅ ’ਤੇ ਰਾਜਪਾਲ ਦੇ ਰੂਟ ਅਤੇ ਰੇਲਵੇ ਸਟੇਸ਼ਨ ਦੇ ਨੇੜਲੇ ਬਾਜ਼ਾਰਾਂ ਵਿੱਚ ਦੁਕਾਨਾਂ ਜਬਰੀ ਬੰਦ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਇੱਕ ਦਰਜਨ ਥਾਵਾਂ ’ਤੇ ਬੈਰੀਕੇਡ ਲਗਾ ਕੇ ਲੋਕਾਂ ਲਈ ਰਾਹ ਬੰਦ ਕਰ ਦਿੱਤੇ ਗਏ ਜਿਸ ਕਾਰਨ ਸੈਂਕੜੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ।
ਭੀੜ ਜੁਟਾਉਣ ’ਚ ਫੇਲ੍ਹ ਰਹੀ ਭਗਵਾਂ ਲੀਡਰਸ਼ਿਪ
ਸਥਾਨਕ ਭਾਜਪਾ ਲੀਡਰਸ਼ਿਪ ਤੇ ਰੇਲਵੇ ਪ੍ਰਸ਼ਾਸਨ ਅੱਜ ਪ੍ਰਧਾਨ ਮੰਤਰੀ ਵੱਲੋਂ ਡੱਬਵਾਲੀ ਰੇਲਵੇ ਸਟੇਸ਼ਨ ਦੇ ਵੀਡੀਓ ਕਾਨਫਰੰਸਿੰਗ ਉਦਘਾਟਨ ਸਮਾਰੋਹ ਲਈ ਭੀੜ ਜੁਟਾਉਣ ’ਚ ਅਸਫ਼ਲ ਰਹੇ। ਉੱਚ ਪੱਧਰੀ ਸਮਾਗਮ ਦੇ ਪਿਛਲੇ ਹਿੱਸੇ ਵਿੱਚ ਵੱਡੀ ਗਿਣਤੀ ਕੁਰਸੀਆਂ ਖਾਲੀ ਰਹੀਆਂ ਜਿਸ ਕਰਕੇ ਰੇਲਵੇ ਪ੍ਰਬੰਧਨ ਅਤੇ ਸਥਾਨਕ ਭਾਜਪਾ ਲੀਡਰਸ਼ਿਪ ਦੀ ਖਾਸੀ ਕਿਰਕਿਰੀ ਹੋ ਰਹੀ ਹੈ। ਡੱਬਵਾਲੀ ਵਿੱਚ ਭਾਜਪਾ ਦੇ ਮਹਾਰਥੀ ਵਜੋਂ ਅਖਵਾਉਂਦੇ ‘ਵੱਡੇ’ ਆਗੂ ਇਕੱਲੇ ਹੀ ਸਮਾਗਮ ਵਿੱਚ ਪੁੱਜੇ ਸਨ। ਉਹ ਸਮਾਗਮ ਲਈ ਭੀੜ ਜੁਆਉਣ ਦੀ ਬਜਾਏ ਰਾਜਪਾਲ ਨੂੰ ਸਵਾਗਤੀ ਫੁੱਲ ਸੌਂਪਣ ਵਾਲਿਆਂ ਦੀ ਕਤਾਰਾਂ ਵਿੱਚ ਖੜ੍ਹੇ ਹੋਣ ਲਈ ਵਧੇਰੇ ਉਤਾਵਲੇ ਸਨ।