ਰੇਤ ਤੇ ਬੱਜਰੀ ਦੇ 18 ਵਾਹਨ ਜ਼ਬਤ
04:50 AM May 29, 2025 IST
ਪੱਤਰ ਪ੍ਰੇਰਕ
ਪਠਾਨਕੋਟ, 28 ਮਈ
ਜੰਮੂ-ਕਸ਼ਮੀਰ ਤਰਫੋਂ ਚੋਰ ਰਸਤਿਆਂ ਰਾਹੀਂ ਪੰਜਾਬ ਖੇਤਰ ਅੰਦਰ ਦਾਖ਼ਲ ਹੋ ਰਹੇ ਬਿਨਾਂ ਬਿੱਲ ਤੇ ਜਾਅਲੀ ਨੰਬਰ ਪਲੇਟਾਂ ਵਾਲੇ ਰੇਤਾ, ਬੱਜਰੀ ਨਾਲ ਭਰੇ ਟਰੱਕਾਂ, ਟਿੱਪਰਾਂ, ਟਰਾਲਿਆਂ ਦਾ ਪੰਜਾਬ ’ਚ ਦਾਖ਼ਲ ਹੋਣ ਦਾ ਸਿਲਸਿਲਾ ਕਰੀਬ ਡੇਢ ਸਾਲ ਤੋਂ ਜਾਰੀ ਹੈ। ਪੁਲੀਸ ਪਾਰਟੀਆਂ ਵੱਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਅੱਡਾ ਸੁੰਦਰਚੱਕ (ਬਨੀਲੋਧੀ) ਅਤੇ ਕਥਲੌਰ ਟੀ-ਪੁਆਇੰਟ ਵਿਖੇ ਸਪੈਸ਼ਲ ਅਪਰੇਸ਼ਨ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ 16 ਟਿੱਪਰ ਤੇ ਦੋ ਟਰੈਕਟਰ-ਟਰਾਲੀਆਂ ਨੂੰ ਜ਼ਬਤ ਕੀਤਾ ਗਿਆ, ਜੋ ਬਿਨਾਂ ਨੰਬਰੀ ਪਲੇਟਾਂ ਦੇ ਸਨ। ਇਨ੍ਹਾਂ ਵਾਹਨਾਂ ਰਾਹੀਂ ਰੇਤਾ ਤੇ ਬੱਜਰੀ ਦੀ ਢੋਆ-ਢੁਆਈ ਕੀਤੀ ਜਾ ਰਹੀ ਸੀ। ਜ਼ਿਲ੍ਹਾ ਮਾਈਨਿੰਗ ਅਫਸਰ-ਕਮ-ਐਕਸੀਅਨ ਨਿਤਿਨ ਸੂਦ ਨੇ ਦੱਸਿਆ 18 ਵਾਹਨ ਜ਼ਬਤ ਕੀਤੇ ਗਏ ਹਨ, ਜਦਕਿ 30 ਤੋਂ ਵੱਧ ਜੰਮੂ-ਕਸ਼ਮੀਰ ਵਾਪਸ ਮੁੜ ਗਏ।
Advertisement
Advertisement