ਰੇਡੀਓ ਦੀ ਅੱਜ ਵੀ ਬੱਲੇ ਬੱਲੇ
ਗੁਰਪ੍ਰੀਤ ਸਿੰਘ ਤੰਗੌਰੀ
ਰੇਡੀਓ ਅੱਜ ਵੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਕਈ ਦਹਾਕੇ ਪਹਿਲਾਂ ਰੇਡੀਓ ਦੀ ਸ਼ੁਰੂਆਤ ਸੰਚਾਰ ਦੀ ਦੁਨੀਆ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਵਿੱਚ ਰੇਡੀਓ ਵੱਖ ਵੱਖ ਰੰਗਾਂ ਵਿੱਚ ਸਾਡੇ ਸਾਹਮਣੇ ਆਉਂਦਾ ਰਿਹਾ ਹੈ। ਸਮੇਂ ਸਮੇਂ ’ਤੇ ਇਹ ਭੁਲੇਖੇ ਜ਼ਰੂਰ ਪੈਂਦੇ ਰਹੇ ਕਿ ਸ਼ਇਦ ਇਹ ਬੀਤੇ ਸਮੇਂ ਦੀ ਗੱਲ ਹੋ ਕੇ ਰਹਿ ਜਾਵੇਗਾ, ਪਰ ਇਸ ਦੀ ਹਰਮਨ ਪਿਆਰਤਾ ਕਦੇ ਵੀ ਘੱਟ ਨਹੀਂ ਹੋਈ। ਤੇਰਾਂ ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦਰਅਸਲ, ਤੇਰਾਂ ਫਰਵਰੀ 1946 ਉਹ ਦਿਨ ਸੀ ਜਦੋਂ ਅਮਰੀਕਾ ਵਿੱਚ ਪਹਿਲੀ ਵਾਰ ਰੇਡੀਓ ਪ੍ਰਸਾਰਣ ਰਾਹੀਂ ਸੰਦੇਸ਼ ਭੇਜਿਆ ਗਿਆ ਅਤੇ ਸੰਯੁਕਤ ਰਾਸ਼ਟਰ ਦਾ ਰੇਡੀਓ ਸ਼ੁਰੂ ਹੋਇਆ ਸੀ। ਇਸੇ ਲਈ ਰੇਡੀਓ ਦੀ ਵਰ੍ਹੇਗੰਢ ’ਤੇ ਸੰਯੁਕਤ ਰਾਸ਼ਟਰ ਵੱਲੋਂ ਵਿਸ਼ਵ ਰੇਡੀਓ ਦਿਵਸ ਮਨਾਇਆ ਜਾਣ ਲੱਗਾ।
ਅੱਜ ਸੰਚਾਰ ਦੀ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ, ਜੋ ਅੱਜ ਹੈ ਉਹ ਕੱਲ੍ਹ ਨਹੀਂ ਹੋਵੇਗਾ। ਇਸ ਦੇ ਬਾਵਜੂਦ ਰੇਡੀਓ ਨੂੰ ਉਸ ਦੀ ਥਾਂ ਤੋਂ ਕੋਈ ਵੀ ਸਾਧਨ ਹਿਲਾ ਨਹੀਂ ਸਕਿਆ। ਇੰਟਰਨੈੱਟ, ਮੋਬਾਈਲ ਵਰਗੇ ਸਾਧਨਾਂ ਦੇ ਬਾਵਜੂਦ ਰੇਡੀਓ ਸੁਣਨ ਵਾਲਿਆਂ ਦੀ ਤਾਦਾਦ ਲੱਖਾਂ ਵਿੱਚ ਹੈ। ਪੱਛਮੀ ਮੁਲਕਾਂ ਵਿੱਚ ਤਾਂ ਸੂਚਨਾ ਦਾ ਵੱਡਾ ਸਾਧਨ ਰੇਡੀਓ ਨੂੰ ਮੰਨਿਆ ਜਾਂਦਾ ਹੈ।
ਇਸ ਦੀ ਖੋਜ ਗੱਲ ਕਰੀਏ ਤਾਂ ਦੋ ਵਿਗਿਆਨੀਆਂ ਜੇਮਜ਼ ਕਲਾਰਕ ਮੈਕਸਵੈੱਲ ਅਤੇ ਮਾਈਕਲ ਫੈਰਾਡੇ ਨੇ ਬਿਜਲੀ-ਚੁੰਬਕੀ ਤਰੰਗਾਂ ਭਾਵ ਇਲੈੱਕਟਰੋਮੈਗਨੈਟਿਕ ਵੇਵਜ਼ ਦੀ ਖੋਜ ਕੀਤੀ ਸੀ। ਇਨ੍ਹਾਂ ਤਰੰਗਾਂ ਦੇ ਆਧਾਰ ’ਤੇ ਇਟਲੀ ਦੇ ਗੁਗਲਿਏਮੋ ਮਾਰਕੋਨੀ ਨੇ 1901 ਵਿੱਚ ਰੇਡੀਓ ਦੀ ਖੋਜ ਕੀਤੀ। ਲੰਮੀ ਦੂਰੀ ਦਾ ਰੇਡੀਓ ਪ੍ਰਸਾਰਣ ਵੀ ਇਸੇ ਵਿਗਿਆਨੀ ਦੀ ਦੇਣ ਹੈ। ਰੇਡੀਓ ਦੀ ਕਾਢ ਆਪਣੇ ਆਪ ਵਿੱਚ ਮੀਲ-ਪੱਥਰ ਸੀ ਅਤੇ ਹੋਰ ਸਾਧਨਾਂ ਲਈ ਵੀ ਰਾਹ ਦਸੇਰਾ ਬਣੀ। ਰੇਡੀਓ ਦੀ ਖੋਜ ਨੇ ਟੇਪ ਰਿਕਾਰਡਰ ਅਤੇ ਟੈਲੀਵਿਜ਼ਨ ਆਦਿ ਜਿਹੀਆਂ ਹੋਰ ਬਹੁਤ ਸਾਰੀਆਂ ਖੋਜਾਂ ਲਈ ਇੱਕ ਪ੍ਰੇਰਕ ਦਾ ਕੰਮ ਕੀਤਾ। ਰੇਡੀਓ ਤੋਂ ਬਾਅਦ ਟੈਲੀਵਿਜ਼ਨ ਦੀ ਕਾਢ ਤੋਂ ਲੈ ਹੁਣ ਮੋਬਾਈਲ, ਜੀਪੀਐੱਸ ਵਰਗੇ ਸਭ ਸਾਧਨ ਰੇਡੀਓ ਤਰੰਗਾਂ ’ਤੇ ਹੀ ਕੰਮ ਕਰਦੇ ਹਨ। ਸਮੇਂ-ਸਮੇਂ ’ਤੇ ਸੰਚਾਰ, ਮਨੋਰੰਜਨ ਦੇ ਸਾਧਨ ਤਾਂ ਆਉਂਦੇ ਗਏ, ਪਰ ਰੇਡੀਓ ਦੀ ਥਾਂ ਕੋਈ ਨਹੀਂ ਲੈ ਸਕਿਆ। ਇੱਕ ਸਮੇਂ ਟੈਲੀਵਿਜ਼ਨ ਦੀ ਕਾਢ ਨਾਲ ਇਹ ਭੁਲੇਖਾ ਜ਼ਰੂਰ ਪਿਆ ਸੀ ਕਿ ਸ਼ਾਇਦ ਹੁਣ ਰੇਡੀਓ ਦੇ ਦਿਨ ਲੱਦ ਜਾਣਗੇ, ਪਰ ਇਹ ਅੱਜ ਵੀ ਦੁਨੀਆ ਵਿੱਚ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਸਾਧਨ ਹੈ।
ਸੰਸਾਰ ਵਿੱਚ ਇਸ ਵੇਲੇ ਲਗਭਗ 44,000 ਤੋਂ ਵੱਧ ਰੇਡੀਓ ਸਟੇਸ਼ਨ ਹਨ। ਦੁਨੀਆ ਦਾ ਪਹਿਲਾ ਰੇਡੀਓ ਸਟੇਸ਼ਨ 1920 ਵਿੱਚ ਅਮਰੀਕਾ ਦੇ ਸ਼ਹਿਰ ਪਿਟਸਬਰਗ ਵਿੱਚ ਸ਼ੁਰੂ ਹੋਇਆ ਸੀ। ਭਾਰਤ ਵਿੱਚ ਸਭ ਤੋਂ ਪਹਿਲਾਂ 23 ਜੁਲਾਈ 1927 ਨੂੰ ਦੋ ਪ੍ਰਾਈਵੇਟ ਕੰਪਨੀਆਂ ਵੱਲੋਂ ਕਲਕੱਤੇ ਤੇ ਬੰਬਈ ਵਿੱਚ ਰੇਡੀਓ ਰਾਹੀਂ ਪ੍ਰਸਾਰਣ ਸ਼ੁਰੂ ਹੋਏ ਜਦੋਂਕਿ 1 ਮਾਰਚ 1930 ਤੋਂ ਪ੍ਰਸਾਰ ਭਾਰਤੀ ਸ਼ੁਰੂ ਹੋਇਆ ਜਿਸ ਨੂੰ 8 ਜੂਨ 1936 ਨੂੰ ਆਲ ਇੰਡੀਆ ਰੇਡੀਓ ਦਾ ਨਾਂ ਦਿੱਤਾ ਗਿਆ। ਦੇਸ਼ ਆਜ਼ਾਦ ਹੋਣ ਮਗਰੋਂ ਇਸ ਨੂੰ ਅਕਾਸ਼ਵਾਣੀ ਦਾ ਨਾਮ ਦਿੱਤਾ ਗਿਆ। 1947 ਦੀ ਭਾਰਤ-ਪਾਕਿ ਵੰਡ ਵੇਲੇ ਦੇਸ਼ ਵਿੱਚ ਨੌਂ ਰੇਡੀਓ ਸਟੇਸ਼ਨ ਸਨ ਜਿਨ੍ਹਾਂ ਵਿੱਚੋਂ ਤਿੰਨ ਪਾਕਿਸਤਾਨ ਅਤੇ ਛੇ ਭਾਰਤ ਵਿੱਚ ਰਹਿ ਗਏ। ਭਾਰਤ ਵਿੱਚ 3 ਜੂਨ 1957 ਨੂੰ ਵਿਵਿਧ ਭਾਰਤੀ ਤੇ 23 ਜੁਲਾਈ 1977 ਨੂੰ ਐੱਫਐੱਮ ਰੇਡੀਓ ਸਟੇਸ਼ਨ ਦੀ ਸ਼ੁਰੂਆਤ ਹੋਈ ਸੀ।
ਰੇਡੀਓ ਸਿਰਫ਼ ਮਨੋਰੰਜਨ ਹੀ ਨਹੀਂ ਕਰਦਾ ਸਗੋਂ ਅੱਜ ਵੀ ਖ਼ਬਰਾਂ ਜਾਂ ਸੂਚਨਾਵਾਂ ਦਾ ਵੱਡਾ ਤੇ ਪਰਿਪੱਕ ਸਰੋਤ ਹੈ। ਬਹੁਤ ਸਾਰੇ ਗਾਇਕਾਂ ਅਤੇ ਲੋਕ ਕਲਾਵਾਂ ਨੂੰ ਮੰਚ ਮੁਹੱਈਆ ਕਰਵਾਉਣ ਦਾ ਸਿਹਰਾ ਵੀ ਇਸੇ ਨੂੰ ਹੀ ਜਾਂਦਾ ਹੈ। ਵਿਕਸਤ ਮੁਲਕਾਂ ਦੀ ਗੱਲ ਕਰੀਏ ਤਾਂ ਉੱਥੇ ਰੇਡੀਓ ਸਭ ਤੋਂ ਵੱਧ ਸੁਣਿਆ ਜਾਂਦਾ ਹੈ। ਇਹ ਟਰੱਕ ਤੇ ਮੋਟਰ ਚਾਲਕਾਂ ਨੂੰ ਮੌਸਮੀ ਤਬਦੀਲੀਆਂ ਜਾਂ ਰਾਹ ਵਿੱਚ ਉਤਪੰਨ ਅੜਿੱਕਿਆਂ ਬਾਰੇ ਅਗੇਤੀ ਜਾਣਕਾਰੀ ਦੇਣ ਦਾ ਬਿਹਤਰੀਨ ਵਸੀਲਾ ਹੈ।
ਅੱਜ ਵੱਡੀਆਂ-ਵੱਡੀਆਂ ਮੋਬਾਈਲ ਨਿਰਮਾਤਾ ਕੰਪਨੀਆਂ ਨੂੰ ਵੀ ਫੋਨ ਵਿੱਚ ਰੇਡੀਓ ਦੀ ਸਹੂਲਤ ਦੇਣੀ ਪੈਂਦੀ ਹੈ। ਇਸ ਤੋਂ ਬਿਨਾਂ ਬਹੁਤ ਸਾਰੇ ਮੋਬਾਈਲ ਐਪਸ ਰਾਹੀਂ ਦੁਨੀਆ ਦੇ ਕਿਸੇ ਵੀ ਦੇਸ਼ ਦਾ ਰੇਡੀਓ, ਜੋ ਇੰਟਰਨੈੱਟ ’ਤੇ ਹੋਵੇ, ਸੁਣਿਆ ਜਾ ਸਕਦਾ ਹੈ। ਮੋਬਾਈਲ ਫੋਨਾਂ ਵਿੱਚ ਰੇਡੀਓ ਹੋਣ ਕਰਕੇ ਨੌਜਵਾਨਾਂ ਸਮੇਤ ਵੱਡਾ ਵਰਗ ਇਸ ਨਾਲ ਜੁੜਿਆ ਹੋਇਆ ਹੈ। 1965-71 ਦੀਆਂ ਭਾਰਤ-ਪਾਕਿ ਜੰਗਾਂ ਵੇਲੇ ਰੇਡੀਓ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਉਦੋਂ ਰੇਡੀਓ ਹੀ ਇੱਕ ਮਾਧਿਅਮ ਸੀ ਜਿਸ ਰਾਹੀਂ ਦੂਰ-ਦੁਰਾਡੇ ਸੁਨੇਹਾ ਭੇਜਿਆ ਸਕਦਾ ਸੀ। ਰੇਡੀਓ ਦੀ ਖੋਜ ਕਰਨ ਵਾਲੇ ਇਟਲੀ ਦੇ ਵਿਗਿਆਨੀ ਗੁਗਲਿਏਮੋ ਮਾਰਕੋਨੀ ਦੇ ਜ਼ਿਕਰ ਤੋਂ ਬਿਨਾਂ ਰੇਡੀਓ ਦਿਵਸ ਅਧੂਰਾ ਹੈ, ਜਿਸ ਨੇ ਪਹਿਲੀ ਵਾਰ ਬਿਨਾਂ ਤਾਰਾਂ ਤੋਂ ਇੱਕ ਸਿਗਨਲ, ਇੰਗਲਿਸ਼ ਚੈਨਲ ਤੋਂ ਪਾਰ ਭੇਜਣ ਵਿੱਚ ਕਾਮਯਾਬੀ ਹਾਸਲ ਕੀਤੀ। 1995 ਨੂੰ ਜਪਾਨ ਵਿੱਚ ਜ਼ਬਰਦਸਤ ਭੂਚਾਲ ਅਤੇ 2004 ਵਿੱਚ ਭਾਰਤ ਅੰਦਰ ਸੁਨਾਮੀ ਸਮੇਂ ਰੇਡੀਓ ਨੈੱਟਵਰਕ ਨੇ ਜਾਣਕਾਰੀ ਦੇਣ ਵਿੱਚ ਅਹਿਮ ਰੋਲ ਨਿਭਾਇਆ। ਅੱਜ ਦੁਨੀਆ ਵਿੱਚ ਰੇਡੀਓ ਦੀ ਸਰਦਾਰੀ ਹੈ।
ਰੇਡੀਓ ਦੀ ਅਹਿਮੀਅਤ ਸਿਰਫ਼ ਇਸ ਨੂੰ ਮੁਹੱਬਤ ਕਰਨ ਵਾਲੇ ਸਮਝ ਸਕਦੇ ਹਨ। ਬੇਸ਼ੱਕ, ਅੱਜ ਰੇਡੀਓ ਨੂੰ ਸਿਆਸੀ ਪਾਰਟੀਆਂ ਦੀ ਇਸ਼ਤਿਹਾਰਬਾਜ਼ੀ ਲਈ ਵਰਤਿਆ ਜਾ ਰਿਹਾ ਹੈ। ਇਸ ਦੇ ਪ੍ਰੋਗਰਾਮਾਂ ’ਤੇ ਕੱਟ ਲਾ ਕੇ ਇਸ਼ਤਿਹਾਰਬਾਜ਼ੀ ਕਰਨ ਦੀ ਥਾਂ ਇਸ ਨੂੰ ਮਕਬੂਲ ਤੇ ਦਿਲਚਸਪ ਬਣਾਈ ਰੱਖਣ ਦੀ ਬਹੁਤ ਲੋੜ ਹੈ।
ਸੰਪਰਕ: 98720-10560