ਰੇਚਲ ਨੇ ‘ਮਿਸ ਗ੍ਰੈਂਡ ਇੰਟਰਨੈਸ਼ਨਲ 2024’ ਦਾ ਖਿਤਾਬ ਮੋੜਿਆ
ਹਤਿੰਦਰ ਮਹਿਤਾ
ਜਲੰਧਰ, 28 ਮਈ
ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਤਾਜ ਪਹਿਨਣ ਵਾਲੀ ਪਹਿਲੀ ਭਾਰਤੀ ਰਾਚੇਲ ਗੁਪਤਾ ਨੇ ਆਪਣੀ ਇਤਿਹਾਸਕ ਜਿੱਤ ਤੋਂ ਸਾਲ ਤੋਂ ਵੀ ਘੱਟ ਸਮੇਂ ਬਾਅਦ ਅਧਿਕਾਰਤ ਤੌਰ ’ਤੇ ਖਿਤਾਬ ਵਾਪਸ ਕਰ ਦਿੱਤਾ ਹੈ। ਜਲੰਧਰ ਦੀ 20 ਸਾਲਾ ਮਾਡਲ ਨੇ ਅੱਜ ਐਲਾਨ ਕਰਦਿਆਂ ਇਸ ਦਾ ਕਾਰਨ ‘ਵਾਅਦਾਖ਼ਿਲਾਫ਼ੀ, ਬਦਸਲੂਕੀ ਅਤੇ ਸੰਗਠਨ ਦੇ ਅੰਦਰ ਜ਼ਹਿਰੀਲੇ ਵਾਤਾਵਰਨ’ ਨੂੰ ਦੱਸਿਆ।
ਜ਼ਿਕਰਯੋਗ ਹੈ ਕਿ ਰੇਚਲ ਨੇ 25 ਅਕਤੂਬਰ, 2024 ਨੂੰ ਥਾਈਲੈਂਡ ਦੇ ਬੈਂਕਾਕ ਵਿੱਚ ਸਮਾਰੋਹ ਦੌਰਾਨ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਤਾਜ ਜਿੱਤਿਆ ਸੀ। ਸੋੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਇਸ ਸਬੰਧੀ ਗੱਲ ਕਰਦਿਆਂ ਉਸ ਨੇ ਕਿਹਾ ਕਿ ਜਿਸ ਸੁਪਨੇ ਨੂੰ ਪ੍ਰਾਪਤ ਕਰਨ ਲਈ ਉਸ ਨੇ ਇੰਨੀ ਮਿਹਨਤ ਕੀਤੀ ਸੀ ਉਹ ਇੱਕ ਦਰਦਨਾਕ ਅਨੁਭਵ ਵਿੱਚ ਬਦਲ ਗਿਆ ਹੈ। ਉਧਰ, ਮਿਸ ਗ੍ਰੈਂਡ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਨੇ ਇੰਸਟਾਗ੍ਰਾਮ ’ਤੇ ਪੋਸਟ ਪਾ ਕੇ ਦਾਅਵਾ ਕੀਤਾ ਕਿ ਰੇਚਲ ਮੌਜੂਦਾ ਖਿਤਾਬਧਾਰਕ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੀ ਹੈ। ਇਸ ਨੇ ਉਸ ’ਤੇ ਬਿਨਾਂ ਇਜਾਜ਼ਤ ਦੇ ਬਾਹਰੀ ਪ੍ਰਾਜੈਕਟਾਂ ਵਿੱਚ ਸ਼ਾਮਲ ਹੋਣ ਅਤੇ ਗੁਆਟੇਮਾਲਾ ਦੀ ਅਧਿਕਾਰਤ ਯਾਤਰਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਦਾ ਦੋਸ਼ ਲਗਾਇਆ, ਜਿਸ ਨੂੰ ਸੰਗਠਨ ਨੇ ਇਕਰਾਰਨਾਮੇ ਦੀ ਉਲੰਘਣਾ ਕਿਹਾ। ਬਿਆਨ ਵਿੱਚ ਉਸ ਨੂੰ 30 ਦਿਨਾਂ ਦੇ ਅੰਦਰ ਤਾਜ ਵਾਪਸ ਕਰਨ ਲਈ ਵੀ ਕਿਹਾ ਗਿਆ ਹੈ। ਰੇਚਲ ਪਹਿਲੀ ਵਾਰ 2022 ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਸੁਰਖੀਆਂ ਵਿੱਚ ਆਈ ਸੀ, ਜਦੋਂ ਉਸ ਨੇ ਪੈਰਿਸ ਵਿੱਚ ਸਿਰਫ 18 ਸਾਲ ਦੀ ਉਮਰ ਵਿੱਚ ਮਿਸ ਸੁਪਰ ਟੈਲੇਂਟ ਆਫ਼ ਦਿ ਵਰਲਡ ਦਾ ਖਿਤਾਬ ਜਿੱਤਿਆ।