ਰੂਸ-ਯੂਕਰੇਨ ਜੰਗ ਦੇ ਖ਼ਾਤਮੇ ਲਈ ਲੰਡਨ ਵਾਰਤਾ ’ਚ ਅੜਿੱਕੇ
ਕੀਵ, 23 ਅਪਰੈਲ
ਰੂਸ ਅਤੇ ਯੂਕਰੇਨ ਵਿਚਾਲੇ ਸ਼ਾਂਤੀ ਸਮਝੌਤੇ ਲਈ ਲੰਡਨ ’ਚ ਹੋਣ ਵਾਲੀ ਵਾਰਤਾ ’ਚ ਅੜਿੱਕੇ ਖੜ੍ਹੇ ਹੋ ਗਏ ਹਨ। ਅਮਰੀਕਾ, ਬਰਤਾਨੀਆ ਫਰਾਂਸ ਅਤੇ ਯੂਕਰੇਨ ਦੇ ਸਿਖਰਲੇ ਅਧਿਕਾਰੀਆਂ ਨੇ ਮੀਟਿੰਗ ਕਰਕੇ ਜੰਗ ਦੇ ਖ਼ਾਤਮੇ ਲਈ ਵਿਚਾਰਾਂ ਕਰਨੀਆਂ ਸਨ। ਯੂਕੇ ਦੇ ਵਿਦੇਸ਼ ਮੰਤਰੀ ਡੇਵਿਡ ਲੈਮੀ ਨੇ ਦੱਸਿਆ ਕਿ ਹੁਣ ਵਾਰਤਾ ’ਚ ਹੇਠਲੇ ਦਰਜੇ ਦੇ ਅਧਿਕਾਰੀ ਹੀ ਸ਼ਾਮਲ ਹੋਣਗੇ ਕਿਉਂਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਮੀਟਿੰਗ ’ਚ ਸ਼ਾਮਲ ਨਹੀਂ ਹੋ ਸਕਣਗੇ।
ਰੂਬੀਓ ਦਾ ਦੌਰਾ ਅਚਾਨਕ ਰੱਦ ਹੋਣ ਕਰਕੇ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਹੋ ਗਏ ਹਨ। ਉਧਰ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਵੱਲੋਂ ਸ਼ਾਂਤੀ ਸਮਝੌਤੇ ਤਹਿਤ ਆਪਣੇ ਮੁਲਕ ਦਾ ਕੋਈ ਵੀ ਖ਼ਿੱਤਾ ਰੂਸ ਹਵਾਲੇ ਨਾ ਕਰਨ ਦੇ ਐਲਾਨ ਨਾਲ ਵੀ ਵਾਰਤਾ ਅੱਗੇ ਨਾ ਵਧਣ ਦੀ ਸੰਭਾਵਨਾ ਬਣ ਗਈ ਹੈ। ਜ਼ੇਲੈਂਸਕੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਜਿਹੀਆਂ ਰਿਪੋਰਟਾਂ ਹਨ ਕਿ ਟਰੰਪ ਪ੍ਰਸ਼ਾਸਨ ਸੰਭਾਵੀ ਸ਼ਾਂਤੀ ਸਮਝੌਤੇ ਤਹਿਤ ਰੂਸ ਵੱਲੋਂ ਯੂਕਰੇਨ ਦੇ ਖ਼ਿੱਤਿਆਂ ’ਤੇ ਕੀਤੇ ਗਏ ਕਬਜ਼ੇ ਨੂੰ ਬਹਾਲ ਰੱਖਣ ਦੀ ਤਜਵੀਜ਼ ਪੇਸ਼ ਕਰ ਸਕਦਾ ਹੈ। ਉਂਝ ਯੂਕਰੇਨੀ ਵਫ਼ਦ ਲੰਡਨ ਪਹੁੰਚ ਗਿਆ ਹੈ। ਉਧਰ ਪੂਰਬੀ ਯੂਕਰੇਨ ਦੇ ਦਨੀਪ੍ਰੋਪੇਤਰੋਵਸਕ ਖ਼ਿੱਤੇ ’ਚ ਅੱਜ ਇਕ ਬੱਸ ’ਤੇ ਰੂਸੀ ਡਰੋਨ ਹਮਲੇ ’ਚ 9 ਵਿਅਕਤੀ ਮਾਰੇ ਗਏ। ਹਮਲੇ ’ਚ 40 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। -ਏਪੀ