ਰੂਸ ਤੇ ਯੂਕਰੇਨ ਵੱਲੋਂ ਸੈਂਕੜੇ ਕੈਦੀਆਂ ਦਾ ਵਟਾਂਦਰਾ
ਕੀਵ, 24 ਮਈ
ਰੂਸ ਅਤੇ ਯੂਕਰੇਨ ਨੇ ਅੱਜ ਸੈਂਕੜੇ ਹੋਰ ਕੈਦੀਆਂ ਦੀ ਅਦਲਾ-ਬਦਲੀ ਕੀਤੀ। ਇਹ ਵੱਡੀ ਅਦਲਾ-ਬਦਲੀ ਦੇ ਹਿੱਸੇ ਤਹਿਤ ਹੋਈ। ਗੋਲੀਬੰਦੀ ਲਈ ਸਹਿਮਤੀ ਤੱਕ ਪੁੱਜਣ ਦੀਆਂ ਕੋਸ਼ਿਸ਼ਾਂ ਅਸਫ਼ਲ ਰਹਿਣ ਮਗਰੋਂ ਇਹ ਅਜਿਹਾ ਸਮਾਂ ਸੀ ਜਦੋਂ ਦੋਵੇਂ ਦੇਸ਼ਾਂ ਵਿਚਾਲੇ ਸਹਿਯੋਗ ਦੇਖਣ ਨੂੰ ਮਿਲਿਆ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਤੇ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋਵੇਂ ਧਿਰਾਂ ਨੇ ਇਕ-ਦੂਜੇ ਦੇ 307-307 ਫੌਜੀ ਛੱਡੇ। ਇਸ ਤੋਂ ਇਕ ਦਿਨ ਪਹਿਲਾਂ ਦੋਵੇਂ ਦੇਸ਼ਾਂ ਨੇ ਇਕ-ਦੂਜੇ ਦੇ 390 ਫੌਜੀਆਂ ਤੇ ਨਾਗਰਿਕਾਂ ਨੂੰ ਰਿਹਾਅ ਕੀਤਾ ਸੀ। ਸਥਾਨਕ ਅਧਿਕਾਰੀਆਂ ਮੁਤਾਬਕ, ਇਹ ਖ਼ਬਰ ਕੀਵ ’ਤੇ ਵੱਡੀ ਪੱਧਰ ’ਤੇ ਰੂਸੀ ਡਰੋਨਾਂ ਅਤੇ ਮਿਜ਼ਾਈਲਾਂ ਦੇ ਹਮਲਿਆਂ ਤੋਂ ਕੁਝ ਘੰਟਿਆਂ ਬਾਅਦ ਆਈ। ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 15 ਵਿਅਕਤੀ ਜ਼ਖ਼ਮੀ ਹੋ ਗਏ। ਪੂਰੇ ਕੀਵ ਵਿੱਚ ਧਮਾਕੇ ਅਤੇ ਜੰਗੀ ਜਹਾਜ਼ਾਂ ਵਿਰੋਧੀ ਗੋਲੀਬਾਰੀ ਸੁਣੀ ਗਈ ਕਿਉਂਕਿ ਕਈ ਲੋਕ ਮੈਟਰੋ ਸਟੇਸ਼ਨਾਂ ਵਿੱਚ ਸ਼ਰਨ ਲੈ ਰਹੇ ਸਨ। 2022 ਵਿੱਚ ਰੂਸ ਵੱਲੋਂ ਕੀਵ ’ਤੇ ਹਮਲਾ ਕੀਤੇ ਜਾਣ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ਵਿੱਚ ਇਸਤਾਂਬੁਲ ’ਚ ਪਹਿਲੀ ਵਾਰ ਦੋਵੇਂ ਧਿਰਾਂ ਸ਼ਾਂਤੀ ਵਾਰਤਾ ਲਈ ਆਹਮੋ-ਸਾਹਮਣੇ ਹੋਈਆਂ ਸਨ। ਇਸ ਦੌਰਾਨ ਕੀਵ ਤੇ ਮਾਸਕੋ ਨੇ 1,000 ਫੌਜੀਆਂ ਅਤੇ ਬੰਦੀ ਬਣਾਏ ਹੋਏ ਆਮ ਨਾਗਰਿਕਾਂ ਦੀ ਅਦਲਾ-ਬਦਲੀ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ ਸੀ। ਤਿੰਨ ਸਾਲ ਪੁਰਾਣੀ ਜੰਗ ਵਿੱਚ ਜੰਗਬੰਦੀ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਵਿੱਚ ਸਹਿਯੋਗ ਦਾ ਇਹ ਦੁਰਲੱਭ ਮੌਕਾ ਸੀ।
ਇਸ ਤੋਂ ਪਹਿਲਾਂ ਰੂਸ ਨੇ ਯੂਕਰੇਨ ’ਤੇ ਰਾਤ ਭਰ 14 ਬੈਲਿਸਟਿਕ ਮਿਜ਼ਾਈਲਾਂ ਅਤੇ 250 ਸ਼ਾਹੇਦ ਡਰੋਨਾਂ ਨਾਲ ਹਮਲਾ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਯੂਕਰੇਨੀ ਫੌਜ ਨੇ ਛੇ ਮਿਜ਼ਾਈਲਾਂ ਨੂੰ ਮਾਰ ਡੇਗਿਆ ਅਤੇ 245 ਡਰੋਨਾਂ ਨੂੰ ਬੇਅਸਰ ਕਰ ਦਿੱਤਾ। -ਏਪੀ