ਰੂਸ ਤੇ ਯੂਕਰੇਨ ਛੇ ਹਜ਼ਾਰ ਜਵਾਨਾਂ ਦੀਆਂ ਲਾਸ਼ਾਂ ਇਕ-ਦੂਜੇ ਨੂੰ ਸੌਂਪਣਗੇ
ਇਸਤਾਂਬੁਲ: ਰੂਸ ਅਤੇ ਯੂਕਰੇਨ ਦੇ ਵਫ਼ਦਾਂ ਵਿਚਕਾਰ ਇਥੇ ਇਕ ਘੰਟੇ ਤੋਂ ਵੱਧ ਸਮੇਂ ਤੱਕ ਹੋਈ ਸ਼ਾਂਤੀ ਵਾਰਤਾ ’ਚ ਗੋਲੀਬੰਦੀ ਬਾਰੇ ਕੋਈ ਫ਼ੈਸਲਾ ਨਹੀਂ ਹੋ ਸਕਿਆ। ਉਂਜ ਦੋਵੇਂ ਮੁਲਕਾਂ ਨੇ ਜੰਗ ਦੌਰਾਨ ਮਾਰੇ ਗਏ 6 ਹਜ਼ਾਰ ਜਵਾਨਾਂ ਦੀਆਂ ਲਾਸ਼ਾਂ ਇਕ-ਦੂਜੇ ਨੂੰ ਸੌਂਪਣ ’ਤੇ ਸਹਿਮਤੀ ਜਤਾਈ ਹੈ। ਲਿਥੁਆਨੀਆ ਦੇ ਵਿਲਨੀਅਸ ’ਚ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਤੁਰਕੀ ਰਾਹੀਂ ਦਸਤਾਵੇਜ਼ਾਂ ਦਾ ਵਟਾਂਦਰਾ ਕੀਤਾ ਹੈ ਅਤੇ ਉਹ ਹੋਰ ਜੰਗੀ ਕੈਦੀਆਂ ਦੀ ਰਿਹਾਈ ਲਈ ਤਿਆਰ ਹਨ। ਪਿਛਲੇ ਮੀਟਿੰਗ ਦੌਰਾਨ ਵੀ ਇਕ ਹਜ਼ਾਰ ਕੈਦੀਆਂ ਦਾ ਵਟਾਂਦਰਾ ਕੀਤਾ ਗਿਆ ਸੀ। ਇਹ ਵਾਰਤਾ ਉਸ ਸਮੇਂ ਹੋਈ ਹੈ ਜਦੋਂ ਇਕ ਦਿਨ ਪਹਿਲਾਂ ਯੂਕਰੇਨ ਨੇ ਰੂਸ ਅੰਦਰ ਉਸ ਦੇ ਏਅਰਬੇਸਾਂ ’ਤੇ ਡਰੋਨ ਹਮਲੇ ਕਰਕੇ 40 ਤੋਂ ਵੱਧ ਜੰਗੀ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਸੀ। ਯੂਕਰੇਨ ਦੀ ਸੁਰੱਖਿਆ ਸੇਵਾ ਦੇ ਮੁਖੀ ਵੈਸਿਲ ਮਲਿਊਕ ਨੇ ਕਿਹਾ ਕਿ ਹਮਲਿਆਂ ਲਈ ਕਰੀਬ ਡੇਢ ਸਾਲ ਤੱਕ ਯੋਜਨਾ ਬਣਾਈ ਗਈ ਤੇ ਇਹ ਰੂਸ ਦੀ ਫੌਜੀ ਤਾਕਤ ਨੂੰ ਵੱਡਾ ਝਟਕਾ ਹੈ। ਜ਼ੇਲੈਂਸਕੀ ਨੇ ਅਪਰੇਸ਼ਨ ਨੂੰ ਇਤਿਹਾਸਕ ਕਰਾਰ ਦਿੰਦਿਆਂ ਆਪਣੀ ਫੌਜ ਦੀ ਸ਼ਲਾਘਾ ਕੀਤੀ। -ਏਪੀ