ਰੂਬੀਓ ਵੱਲੋਂ ਵੀਜ਼ਾ ਰੱਦ ਕਰਨ ਦੇ ਐਲਾਨ ਮਗਰੋਂ ਚੀਨੀ ਵਿਦਿਆਰਥੀ ਚਿੰਤਤ
ਹਾਂਗਕਾਂਗ, 29 ਮਈ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ ਕੁਝ ਚੀਨੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਬਾਰੇ ਕੀਤੇ ਐਲਾਨ ਮਗਰੋਂ ਅਮਰੀਕਾ ’ਚ ਪੜ੍ਹਦੇ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ। ਇਸ ਐਲਾਨ ਮੁਤਾਬਕ ਅਮਰੀਕਾ ਵੱਲੋਂ ਅਜਿਹੇ ਚੀਨੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਜੋ ‘ਜ਼ੋਖ਼ਮ ਵਾਲੇ ਖੇਤਰਾਂ’ ਦੀ ਪੜ੍ਹਾਈ ਕਰ ਰਹੇ ਹਨ ਤੇ ਜਿਨ੍ਹਾਂ ਦਾ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਸਬੰਧ ਹੈ। ਦੂਜੇ ਪਾਸੇ, ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਅਮਰੀਕਾ ਦੇ ਫ਼ੈਸਲੇ ਨੂੰ ਤਰਕਹੀਣ ਦੱਸਿਆ ਹੈ। ਉਨ੍ਹਾਂ ਅੱਜ ਕਿਹਾ,‘ਆਜ਼ਾਦੀ ਤੇ ਬੇਬਾਕੀ ਦੀ ਗੱਲ ਕਰਨ ਵਾਲੇ ਅਮਰੀਕਾ ਦਾ ਇਹ ਐਲਾਨ ਰਾਜਨੀਤੀ ਅਤੇ ਭੇਦ-ਭਾਵ ਭਰੀ ਕਾਰਵਾਈ ਤੋਂ ਪ੍ਰੇਰਿਤ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧੀ ਅਮਰੀਕਾ ਕੋਲ ਆਪਣਾ ਇਤਰਾਜ਼ ਜ਼ਾਹਰ ਕੀਤਾ ਹੈ।
ਅਮਰੀਕਾ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਮਸਲੇ ’ਤੇ ਸ਼ੁਰੂ ਤੋਂ ਚੀਨ ਤੇ ਅਮਰੀਕਾ ਦੇ ਦੁਵੱਲੇ ਸਬੰਧਾਂ ’ਚ ਤਣਾਅ ਰਿਹਾ ਹੈ। ਸਾਲ 2019 ਵਿੱਚ ਟਰੰਪ ਦੀ ਪਹਿਲੀ ਪਾਰੀ ’ਚ ਚੀਨ ਦੇ ਸਿੱਖਿਆ ਮੰਤਰਾਲੇ ਨੇ ਵਿਦਿਆਰਥੀਆਂ ਨੂੰ ਅਮਰੀਕਾ ’ਚ ਵੀਜ਼ੇ ਸਬੰਧੀ ਦਿੱਕਤਾਂ ਬਾਰੇ ਜਾਗਰੂਕ ਕਰਦਿਆਂ ਚਿਤਾਵਨੀ ਦਿੱਤੀ ਸੀ। -ਏਪੀ