ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੂਪਨਗਰ ਜ਼ਿਲ੍ਹੇ ਤੋਂ ਮੂੰਹ ਮੋੜਨ ਲੱਗੇ ਖਣਨ ਕਾਰੋਬਾਰ ’ਚ ਜੁਟੇ ਟਰਾਂਸਪੋਰਟਰ

10:40 AM Sep 20, 2024 IST
ਸਰਸਾ ਨੰਗਲ ਜ਼ੋਨ ਨਾਲ ਸਬੰਧਤ ਇੱਕ ਸਟੋਨ ਕਰੱਸ਼ਰ ’ਚ ਖੜ੍ਹੀ ਮਸ਼ੀਨਰੀ।

ਜਗਮੋਹਨ ਸਿੰਘ
ਰੂਪਨਗਰ, 19 ਸਤੰਬਰ
ਰੂਪਨਗਰ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹਿਆਂ ਲਈ ਖਣਨ ਸਮੱਗਰੀ ਦੀ ਢੋਅ-ਢੁਆਈ ਕਰਨ ਵਾਲੇ ਟਰਾਂਸਪੋਰਟਰਾਂ ਨੇ ਜ਼ਿਲ੍ਹੇ ਅੰਦਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਕੀਤੀ ਸਖ਼ਤੀ ਕਾਰਨ ਆਪਣੇ ਵਾਹਨਾਂ ਦਾ ਰੁਖ ਹੁਣ ਮੁਹਾਲੀ ਅਤੇ ਹੋਰ ਜ਼ਿਲ‌੍ਹਿਆਂ ਵੱਲ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥੋੜ੍ਹਾ ਸਮਾਂ ਪਹਿਲਾਂ ਹੀ ਰੂਪਨਗਰ ਦੇ ਜਲ ਸਰੋਤ ਕਮ ਖਣਨ ਮੰਡਲ ਅਫਸਰ ਤੁਸ਼ਾਰ ਗੋਇਲ ਅਤੇ ਐੱਸਡੀਓ ਸੁਰਜੀਤ ਸਿੰਘ ਰੂਪਨਗਰ ਵਿੱਚ ਨਿਯੁਕਤ ਹੋਏ ਹਨ। ਜਿੱਥੇ ਇਨ੍ਹਾਂ ਅਧਿਕਾਰੀਆਂ ਵੱਲੋਂ ਖਣਨ ਸਮੱਗਰੀ ਦੀਆਂ ਭਰੀਆਂ ਗੱਡੀਆਂ ਦੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕਰਕੇ ਮਾੜੀਆਂ ਮੋਟੀਆਂ ਖਾਮੀਆਂ ਵਾਲਿਆਂ ਨੂੰ ਨਹੀਂ ਬਖਸ਼ਿਆ ਜਾ ਰਿਹਾ, ਉੱਥੇ ਹੀ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਵਾਹਨਾਂ ’ਤੇ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰੀਆਂ ਦੀ ਸਖ਼ਤੀ ਅਤੇ ਖਣਨ ਸਮੱਗਰੀ ਦੇ ਵਾਹਨਾਂ ਨੂੰ ਹੋਣ ਵਾਲੇ ਭਾਰੀ ਜੁਰਮਾਨਿਆਂ ਦੇ ਡਰ ਕਾਰਨ ਟਰਾਂਸਪੋਰਟਰ ਖਣਨ ਸਮੱਗਰੀ ਲੈਣ ਲਈ ਰੂਪਨਗਰ ਜ਼ਿਲ੍ਹੇ ਵੱਲ ਆਉਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ, ਜਿਸ ਕਾਰਨ ਰੂਪਨਗਰ ਜ਼ਿਲ੍ਹੇ ਦੀ ਕਰੱਸ਼ਰ ਇੰਡਸਟਰੀ ਵਿੱਚ ਸੰਨਾਟਾ ਪਸਰਨਾ ਸ਼ੁਰੂ ਹੋ ਗਿਆ ਹੈ ਤੇ ਹਿਮਾਚਲ ਪ੍ਰਦੇਸ਼ ਦੇ ਸਟੋਨ ਕਰੱਸ਼ਰਾਂ ’ਤੇ ਵੀ ਰੌਣਕਾਂ ਘਟਣ ਲੱਗ ਪਈਆਂ ਹਨ। ਰੂਪਨਗਰ ਜ਼ਿਲ੍ਹੇ ਦੇ ਬਹੁਤੇ ਕਰੱਸ਼ਰ ਮਾਲਕਾਂ ਨੇ ਆਪਣੀ ਮਸ਼ੀਨਰੀ ਖੜ੍ਹੀ ਕਰ ਦਿੱਤੀ ਹੈ, ਜਿਸ ਨਾਲ ਜੇਸੀਬੀ ਮਸ਼ੀਨਾਂ, ਲੋਡਰਾਂ ਅਤੇ ਟਿੱਪਰਾਂ ਦੇ ਡਰਾਈਵਰਾਂ ਤੋਂ ਇਲਾਵਾ ਕਰੱਸ਼ਰ ਚਲਾਉਣ ਲਈ ਕੰਮ ਕਰਦੇ ਕਾਰੀਗਰ ਵੀ ਵਿਹਲੇ ਬੈਠਣ ਲਈ ਮਜਬ਼ੂਰ ਹੋ ਗਏ ਹਨ। ਸਰਸਾ-ਨੰਗਲ ਅਤੇ ਭਰਤਗੜ੍ਹ ਜ਼ੋਨਾਂ ਨਾਲ ਸਬੰਧਤ ਛੋਟੇ ਕਾਰੋਬਾਰੀਆਂ ਨੂੰ ਆਪਣੇ ਕਰੱਸ਼ਰਾਂ ਤੇ ਮਸ਼ੀਨਰੀ ਦੀਆਂ ਕਿਸ਼ਤਾਂ ਦੀ ਚਿੰਤਾ ਸਤਾਉਣ ਲੱਗ ਪਈ ਹੈ। ਇਸ ਸਬੰਧੀ ਸੰਪਰਕ ਕੀਤੇ ਜਾਣ ਤੇ ਰੂਪਨਗਰ ਜ਼ਿਲ੍ਹੇ ਦੀ ਸਟੋਨ ਕਰੱਸ਼ਰ ਐਸੋਸੀਏਸ਼ਨ ਦੇ ਨੁੰਮਾਇੰਦਿਆਂ ਜ਼ਿਲ੍ਹਾ ਪ੍ਰਧਾਨ ਅਜਵਿੰਦਰ ਸਿੰਘ ਬੇਈਹਾਰਾ, ਪਰਮਜੀਤ ਸਿੰਘ ਸਰਪੰਚ ਬੇਲੀ ਤੇ ਹਰਭਜਨ ਸਿੰਘ ਸਰਪੰਚ ਕੋਟਬਾਲਾ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਕੀਤੀ ਜਾਣ ਵਾਲੀ ਚੈਕਿੰਗ ਦਾ ਉਹ ਸਵਾਗਤ ਕਰਦੇ ਹਨ, ਪਰ ਚੈਕਿੰਗ ਇਸ ਢੰਗ ਨਾਲ ਕੀਤੀ ਜਾਵੇ ਕਿ ਬਾਹਰੋਂ ਮਾਲ ਲੈਣ ਲਈ ਕਰੱਸ਼ਰਾਂ ਤੇ ਆਉਣ ਵਾਲੇ ਟਰਾਂਸਪੋਰਟਰਾਂ ਦੇ ਮਨਾਂ ਵਿੱਚ ਚੈਕਿੰਗ ਦੇ ਨਾਮ ’ਤੇ ਖੌਫ ਪੈਦਾ ਨਾ ਹੋਵੇ।

Advertisement

Advertisement