ਰੁੱਤ ਸੁਹਾਣੀ
ਮਨਜੀਤ ਕੌਰ ਅੰਬਾਲਵੀ
ਆਈ ਬਸੰਤ ਵੇਖੋ ਰੁੱਤ ਸੁਹਾਣੀ
ਰੁੱਤਾਂ ਦੀ ਅਖਵਾਉਂਦੀ ਰਾਣੀ
ਕੁਦਰਤ ਨੇ ਕੀਤਾ ਸ਼ਿੰਗਾਰ
ਭਰ-ਭਰ ਵੰਡੇ ਦਿਲੀ ਪਿਆਰ
ਮਾਣਦੇ ਰਲ-ਮਿਲ ਬੇਲੀ ਹਾਣੀ
ਆਈ ਬਸੰਤ…
ਬੱਚੇ ਬੁੱਢੇ ਸਭ ਖ਼ੁਸ਼ੀ ਮਨਾਉਂਦੇ
ਕੁਦਰਤ ਦੇ ਨਾਲ ਬਾਤਾਂ ਪਾਉਂਦੇ
ਸਭ ਦੇ ਮਨਾਂ ਵਿੱਚ ਬੜਾ ਉਮਾਹ
ਘਰਾਂ ਵਿੱਚ ਬਣਦਾ ਗਰਮ ਕੜਾਹ
ਪੀਲਾ ਰੰਗ ਵੀ ਵਿੱਚ ਨੇ ਪਾਉਂਦੇ
ਪੀਲੀ ਸਰ੍ਹੋਂ ਬਣੀ ਖੇਤਾਂ ਦੀ ਰਾਣੀ
ਆਈ ਬਸੰਤ…
ਕਣ-ਕਣ ਵਿੱਚ ਛਾਈ ਹਰਿਆਲੀ,
ਖਿੜ ਗਈ ਹਰ ਇੱਕ ਹੈ ਡਾਲੀ।
ਪੌਣ ਮਹਿਕਾਂ ਬੰਨ੍ਹ ਲਿਆਈ ਪੱਲੇ
ਸੰਦਲੀ ਸਮੀਰ ਚੁਫ਼ੇਰੇ ਵਗੇ
ਧਰਤੀ ਸਜੀ ਫੱਬੀ ਇਉਂ ਜਾਪੇ
ਬੈਠੀ ਜਿਉਂ ਕੋਈ ਪਟਰਾਣੀ
ਆਈ ਬਸੰਤ…
ਕੇਸਰੀ ਦੁਪੱਟੇ, ਕੇਸਰੀ ਦਸਤਾਰਾਂ
ਦੂਰ-ਦੂਰ ਤੱਕ ਪਾਉਣ ਚਮਕਾਰਾਂ
ਹਰ ਸ਼ੈਅ ਖੇੜੇ ਵਿੱਚ ਨੁਹਾਈ
ਹਰ ਕਲੀ ਖਿੜੀ ਮੁਸਕਾਈ
ਮੰਦ-ਮੰਦ ਮੁਸਕਾਵੇ ਧਰਤੀ
ਪਾਵੇ ਕੋਈ ਨਵੀਂ ਕਹਾਣੀ।
ਆਈ ਬਸੰਤ…
ਮਨਜੀਤ ਨੂੰ ਭਾਵੇ ਰੁੱਤ ਬਸੰਤ
ਬਾਲ ਉਡਾਉਂਦੇ ਨੇ ਪਤੰਗ
ਝਿਲਮਿਲ ਕਰਦੇ ਰੁੱਖਾਂ ਦੇ ਪੱਤੇ
ਦਿਸਦੇ ਜਾਪਣ ਅਜੂਬੇ ਸੱਤੇ
ਅੰਬਰੀਂ ਵੇਖ ਉਡਦੀਆਂ ਗੁੱਡੀਆਂ
ਨੱਚਦੀ ਆਈ ਮਿੱਤਰਾਂ ਦੀ ਢਾਣੀ
ਆਈ ਬਸੰਤ ਵੇਖੋ…
ਸੰਪਰਕ: 94162-71625
* * *
ਦਿਲ ‘ਚ ਉਤਰਨਾ
ਹਰਿੰਦਰ ਪਾਲ ਸਿੰਘ
ਜ਼ਰੂਰੀ ਨਹੀਂਓ ਕਿ ਹਰ ਉਮੀਦ ਪੂਰੀ ਹੋਵੇ।
ਲਾਜ਼ਮੀ ਨਹੀਂ ਹਰੇਕ ਖ਼ਾਹਿਸ਼ ਅਧੂਰੀ ਹੋਵੇ।
ਕੁਝ ਖ਼ਾਸੀਅਤ ਰੱਖਦੇ ਅੰਦਰੂਨੀ ਜਜ਼ਬਾਤ।
ਦਿਲੋਂ ਜੁੜਿਆ, ਭਾਵੇਂ ਜਿਸਮਾਨੀ ਦੂਰੀ ਹੋਵੇ।
ਕੋਈ ਹੋਵੇ, ਦਿਲੋ ਦਿਮਾਗ਼ ‘ਤੇ ਛਾਇਆ ਰਹੇ।
ਇਕੱਲਾਪਣ ਭਰਨ ਵਾਸਤੇ, ਏਹ ਜ਼ਰੂਰੀ ਹੋਵੇ।
ਫੁੱਲਾਂ ਵਾਂਗ ਟਹਿਕਣਾਂ ਸਾਰਿਆਂ ਚੰਗਾ ਲੱਗੇ।
ਕੰਡਿਆਲੀ ਜਿੰਦੜੀ ਜਿਉਣਾ, ਮਜਬੂਰੀ ਹੋਵੇ।
ਕਿਸੇ ਦਿਲ ‘ਚ ਉਤਰਨਾ, ਔਖਾ ਨਾ ਹੋਂਵਦਾ।
ਜੇ ਕੋਈ ‘ਹਰਿੰਦਰ’ ਨੈਣੋਂ ਦੇਂਦਾ ਮਨਜ਼ੂਰੀ ਹੋਵੇ।
ਜ਼ਰੂਰੀ ਨਹੀਓਂ ਕਿ ਹਰ ਉਮੀਦ ਪੂਰੀ ਹੋਵੇ।
ਲਾਜ਼ਮੀ ਨਹੀਂ ਹਰੇਕ ਖ਼ਾਹਿਸ਼ ਅਧੂਰੀ ਹੋਵੇ।
ਸੰਪਰਕ: 97806-44040
* * *
ਗ਼ਜ਼ਲ
ਜਗਤਾਰ ਗਰੇਵਾਲ ‘ਸਕਰੌਦੀ’
ਪੱਕੀਆਂ ਸੜਕਾਂ ਬਣ ਗਏ ਸਾਰੇ ਪਿੰਡ ਮੇਰੇ ਦੇ ਜਿਹੜੇ ਕੱਚੇ ਰਾਹ ਸੀ।
ਅੱਜਕੱਲ੍ਹ ਕਿਉਂ ਉਦਾਸ ਜਿਹੇ ਹੋ ਗਏ ਅਸੀਂ ਤਾਂ ਕਿੰਨੇ ਬੇਪਰਵਾਹ ਸੀ।
ਤੁਰ ਪਿਆ ਕੱਲ੍ਹ ਮੈਂ ਕੱਚੇ ਚੁੱਲ੍ਹੇ ਲੱਭਣ ਪਿੰਡ ਘਰਾਂ ਦੇ ਚੌਂਕਿਆਂ ਵਿੱਚੋਂ,
ਮਸਾਂ ਹੀ ਇੱਕ ਦੋ ਲੱਭੇ ਜਿਹੜੇ ਉਨ੍ਹਾਂ ਵਿੱਚ ਵੀ ਉੱਗਿਆ ਘਾਹ ਸੀ।
ਮੈਨੂੰ ਉਹ ਪਛਾਣ ਨਾ ਸਕਿਆ ਸਮਾਂ ਵੀ ਨਹੀਂ ਹੋਇਆ ਮਿਲਿਆਂ ਨੂੰ,
ਹੋ ਸਕਦਾ ਸ਼ਾਇਦ ਥੋੜ੍ਹੇ ਜਿਹੇ ਸਮੇਂ ‘ਚ ਮੈਂ ਹੀ ਬਹੁਤਾ ਬਦਲ ਗਿਆ ਸੀ।
ਬਹੁਤ ਤਰੱਕੀ ਕਰ ਲਈ ਆਪਾਂ ਪਰ ਅਕਸਰ ਪਿੱਛੇ ਨੂੰ ਮੁੜਨਾ ਚਾਹੁੰਦੇ,
ਵਾਰ ਵਾਰ ਮਨ ਉਧਰ ਨੂੰ ਹੀ ਜਾਂਦਾ ਜਿੱਥੇ ਸਾਡਾ ਬਚਪਨ ਪਿਆ ਸੀ।
ਮੋਬਾਈਲ, ਇੰਟਰਨੈੱਟ, ਈਮੇਲਾਂ, ਕੰਪਿਊਟਰ ਸਭ ਤਾਂ ਮੇਰੇ ਕੋਲ ਪਿਆ ਐ,
ਮੇਰਾ ਮਨ ਪਤਾ ਨਈਂ ਕਿਉਂ ਅੱਜ ਚਿੱਠੀਆਂ ਪੜ੍ਹਨ ਨੂੰ ਤਰਸ ਰਿਹਾ ਸੀ।
ਗ਼ਜ਼ਲ ਉਹਨੇ ਜਦੋਂ ਪੜ੍ਹ ਲਈ ਮੇਰੀ ਕਹਿੰਦਾ ਠੀਕ ਹੈ ਸੋਹਣਾ ਲਿਖਿਆ,
ਹੁਣ ਉਹਨੂੰ ਕੀ ਸਮਝਾਵਾਂ ‘ਗਰੇਵਾਲਾ’ ਮੈਂ ਤਾਂ ਅੰਦਰੋਂ ਤੜਫ਼ ਰਿਹਾ ਸੀ।
ਸੰਪਰਕ: 94630-36033
* * *
ਫੁੱਲ ਤਾਰੇ
ਮਨਿੰਦਰ ਕੌਰ ਬੱਸੀ
ਫੁੱਲ, ਤਾਰੇ, ਚੰਦ, ਅੰਬਰ ਤੇ ਜ਼ਮੀਨ,
ਸੋਚਦੀ ਹਾਂ ਕੀ ਕੀ ਹੈ ਤੇਰੇ ਹਾਣ ਦਾ।
ਕੀ ਹੈ ਜੋ ਮਹਿਕਾ ਰਿਹਾ ਏ ਰੂਹ ਨੂੰ,
ਕੌਣ ਹੈ ਜੋ ਪ੍ਰੀਤ ਸਾਡੀ ਜਾਣਦਾ।
ਕਿਸ ਬਿਨਾਂ ਅਸੀਂ ਹਾਂ ਅਧੂਰੇ ਹਰ ਘੜੀ,
ਕੌਣ ਹੈ ਜੋ ਬੰਦਗੀ ਪਹਿਚਾਣਦਾ।
ਕੌਣ ਹੈ ਤੱਕਦਾ ਪਰਿੰਦੇ ਪਿਆਰ ਦੇ,
ਹਿਜਰ ਦੀ ਪੀੜਾ ਰਹੇ ਜੋ ਮਾਣਦਾ।
ਕੌਣ ਛਾਵਾਂ ਕਰ ਰਿਹਾ ਆਪਣਾ ਜਿਹਾ,
ਕੌਣ ਗ਼ਮ, ਖ਼ੁਸ਼ੀਆਂ ਨੂੰ ਰਹਿੰਦਾ ਛਾਣਦਾ।
* * *
ਜਾਗਦੇ ਸਿਰ
ਰੂਪ ਲਾਲ ਰੂਪ
ਜਾਗਦੇ ਸਿਰ
ਜੇਲ੍ਹਾਂ ਅੰਦਰ ਡੱਕੇ
ਸਿਦਕੀ ਪੱਕੇ
ਜਾਗਦੇ ਸਿਰ
ਹੱਕਾਂ ਲਈ ਲੜਦੇ
ਸੂਲੀ ਚੜ੍ਹਦੇ
ਜਾਗਦੇ ਸਿਰ
ਜਗਾਵਣ ਸੰਸਾਰ
ਜ਼ਿੰਦਗੀ ਵਾਰ
ਜਾਗਦੇ ਸਿਰ
ਕਦੇ ਨਹੀਂ ਝੁਕਦੇ
ਸਦਾ ਬੁੱਕਦੇ
ਜਾਗਦੇ ਸਿਰ
ਬਣਾਵਣ ਲਹਿਰ
ਕੰਬੇ ਕਹਿਰ
ਜਾਗਦੇ ਸਿਰ
ਮੰਨਦੇ ਨਹੀਂ ਹਾਰ
ਖੰਡੇ ਦੀ ਧਾਰ
ਜਾਗਦੇ ਸਿਰ
ਰਹਿੰਦੇ ਤਾਜ਼ਾਦਮ
ਡਰੇ ਹਾਕਮ
ਜਾਗਦੇ ਸਿਰ
ਜਾਵਣ ਸਤਿਕਾਰੇ
ਚੰਨ ਤੇ ਤਾਰੇ
ਸੰਪਰਕ: 94652-25722
* * *
ਪੈਸਾ
ਅਮਨਦੀਪ ਕੌਰ ਹਾਕਮ ਸਿੰਘ ਵਾਲਾ
ਮੰਨਿਆ ਤੋੜਦਾ ਦੁੱਖ ਹੈ ਪੈਸਾ
ਕਈਆਂ ਦੇ ਲਈ ਭੁੱਖ ਹੈ ਪੈਸਾ
ਚਾਰ ਛਿੱਲੜ ਨੇ ਰੌਲਾ ਪਾਉਂਦੇ
ਭਰੀ ਤਿਜੌਰੀ ਚੁੱਪ ਹੈ ਪੈਸਾ
ਵਾਂਗ ਪੱਤਿਆਂ ਦੇ ਤੋੜ ਲੈਂਦੇ ਨੇ
ਕਈਆਂ ਦੇ ਲਈ ਰੁੱਖ ਹੈ ਪੈਸਾ
ਬਹੁਤੇ ਘਰ ਨੇ ਕੀਤੇ ਰੌਸ਼ਨ
ਕਿਤੇ ਹਨੇਰਾ ਘੁੱਪ ਹੈ ਪੈਸਾ
ਕਈ ਅਮੀਰ ਜ਼ਮੀਰਾਂ ਤੋਂ ਨੇ
ਕਿਤੇ ਟੌਹਰ ਤੇ ਠੁੱਕ ਹੈ ਪੈਸਾ
ਕਈਆਂ ਦੇ ਰੁਲ਼ ਗਏ ਨੇ ਬੱਚੜੇ
ਕੋਈ ਵੰਡਦਾ ਭਰ ਭਰ ਬੁੱਕ ਹੈ ਪੈਸਾ
ਕਈ ਰਿਸ਼ਤੇ ਨਾਤਿਆਂ ਲਈ ਜਿਉਂਦੇ
ਕਈਆਂ ਲਈ ਬੱਸ ਮੁੱਖ ਹੈ ਪੈਸਾ
ਜਾਂਦੀ ਵਾਰੀ ਦੀਪ ਨਾਲ ਜੋ ਜਾਵੇ
ਮਾਇਆ ਨਾਮ ਦੀ ਸੁੱਖ ਹੈ ਐਸਾ।
ਸੰਪਰਕ: 98776-54596