ਰਿਹਾਣਾ ਜੱਟਾਂ ’ਚ ਐੱਚਡੀਐੱਫਸੀ ਬੈਂਕ ’ਚੋਂ ਲੱਖਾਂ ਰੁਪਏ ਲੁੱਟੇ
ਜਸਬੀਰ ਸਿੰਘ ਚਾਨਾ
ਫਗਵਾੜਾ, 30 ਮਈ
ਫਗਵਾੜਾ-ਹੁਸ਼ਿਆਰਪੁਰ ਰੋਡ ’ਤੇ ਪਿੰਡ ਰਿਹਾਣਾ ਜੱਟਾਂ ਵਿੱਚ ਅੱਜ ਐੱਚਡੀਐੱਫਸੀ ਬੈੱਕ ਦੀ ਸ਼ਾਖਾ ’ਚੋਂ ਲੁਟੇਰੇ ਪਿਸਤੌਲ ਦਿਖਾ ਕੇ ਲੱਖਾਂ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਲੁੱਟ ਦੀ ਰਾਸ਼ੀ 35 ਤੋਂ 40 ਲੱਖ ਰੁਪਏ ਦੱਸੀ ਜਾ ਰਹੀ ਹੈ ਹਾਲਾਂਕਿ ਪੁਲੀਸ ਨੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਜਾਣਕਾਰੀ ਮੁਤਾਬਕ ਲੁਟੇਰੇ ਬਾਅਦ ਦੁਪਹਿਰ 3.10 ਵਜੇ ਚਿੱਟੀ ਵਰਨਾ ਕਾਰ ’ਚ ਆਏ, ਜਿਨ੍ਹਾਂ ’ਚੋਂ ਦੋ ਲੁਟੇਰੇ ਪਿਸਤੌਲ ਲੈ ਕੇ ਅੰਦਰ ਗਏ ਤੇ ਬੈਂਕ ਮੈਨੇਜਰ ਰਣਜੀਤ ਚੌਹਾਨ ਦੇ ਸਿਰ ’ਤੇ ਪਿਸਤੌਲ ਤਾਣਦਿਆਂ ਤੁਰੰਤ ਕੈਸ਼ ਕਾਊਟਰ ਖੋਲ੍ਹਣ ਲਈ ਆਖਿਆ। ਬੈਂਕ ਮੈਨੇਜਰ ਨੇ ਕੈਸ਼ੀਅਰ ਨੂੰ ਕਹਿ ਕੇ ਕਾਊਟਰ ਖੁੱਲ੍ਹਵਾ ਦਿੱਤਾ ਤੇ ਲੁਟੇਰੇ ਕਰੀਬ ਤਿੰਨ ਮਿੰਟਾਂ ’ਚ ਲੱਖਾਂ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਇੱਕ ਗਾਹਕ ਨੇ ਤੁਰੰਤ ਪਿੰਡ ਦੇ ਸਰਪੰਚ ਪੁਸ਼ਪਿੰਦਰ ਸਿੰਘ ਨੂੰ ਦਿੱਤੀ ਜਿਨ੍ਹਾਂ ਨੇ ਪੁਲੀਸ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਣ ਮਗਰੋਂ ਐੱਸਐੱਸਪੀ ਗੌਰਵ ਤੂਰਾ, ਐੱਸਪੀ ਰੁਪਿੰਦਰ ਭੱਟੀ, ਡੀਐੱਸਪੀ ਭਾਰਤ ਭੂਸ਼ਣ ਮੌਕੇ ’ਤੇ ਪੁੱਜੇ ’ਤੇ ਵਾਰਦਾਤ ਦੀ ਪੜਤਾਲ ਸ਼ੁਰੂ ਕੀਤੀ। ਐੱਸਐੱਸਪੀ ਨੇ ਦੱਸਿਆ ਕਿ ਲੁਟੇਰਿਆਂ ਵਲੋਂ ਲੁੱਟੀ ਗਈ ਰਕਮ ਦਾ ਹਿਸਾਬ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਾਂਦੇ ਸਮੇਂ ਲੁਟੇਰੇ ਕੁੱਝ ਗਾਹਕਾਂ ਤੇ ਕਰਮਚਾਰੀਆਂ ਦੇ ਮੋਬਾਈਲ ਫੋਨ ਵੀ ਲੈ ਗਏ ਸਨ, ਜੋ ਪੁਲੀਸ ਵੱਲੋਂ ਬਰਾਮਦ ਕਰ ਲਏ ਗਏ ਹਨ। ਦੱਸਿਆ ਜਾ ਰਿਹਾ ਕਿ ਲੁਟੇਰੇ ਡੁਮੇਲੀ ਵਾਲੇ ਪਾਸੇ ਤੋਂ ਆਏ ਸਨ ਤੇ ਵਾਰਦਾਤ ਮਗਰੋਂ ਹੁਸ਼ਿਆਰਪੁਰ ਵੱਲ ਨੂੰ ਚਲੇ ਗਏ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਤੇ ਵੱਖ ਵੱਖ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਭਾਲ ਕੀਤੀ ਹੈ ਜਾ ਰਹੀ ਹੈ, ਜਿਨ੍ਹਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।