ਰਿਹਾਇਸ਼ੀ ਖੇਤਰ ਵਿਚਲੀ ਸਾਬਣ ਫੈਕਟਰੀ ਸੀਲ
ਪੱਤਰ ਪ੍ਰੇਰਕ
ਯਮੁਨਾਨਗਰ, 18 ਜੂਨ
ਨਗਰ ਨਿਗਮ ਨੇ ਚਿੱਟਾ ਮੰਦਰ ਰੋਡ ’ਤੇ ਰਿਹਾਇਸ਼ੀ ਇਲਾਕੇ ਵਿੱਚ ਚੱਲ ਰਹੀ ਸਾਬਣ ਫੈਕਟਰੀ ਨੂੰ ਸੀਲ ਕਰ ਦਿੱਤਾ । ਫੈਕਟਰੀ ਕਾਰਨ ਆਲੇ-ਦੁਆਲੇ ਦੇ ਘਰ ਨੁਕਸਾਨੇ ਜਾ ਰਹੇ ਸਨ ਅਤੇ ਮਕਾਨਾਂ ਦੀਆਂ ਕੰਧਾਂ ਢਹਿਣ ਦੇ ਕੰਢੇ ’ਤੇ ਸਨ । ਇਸ ਦੇ ਨਾਲ ਹੀ ਫੈਕਟਰੀ ਦੇ ਰਸਾਇਣਕ ਪਾਣੀ ਤੋਂ ਲੋਕ ਪ੍ਰੇਸ਼ਾਨ ਸਨ। ਚਿੱਟਾ ਮੰਦਰ ਰੋਡ ਦੇ ਵਾਸੀਆਂ ਨੇ ਫੈਕਟਰੀ ਤੋਂ ਆ ਰਹੀਆਂ ਸਮੱਸਿਆਵਾਂ ਬਾਰੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਅਖਿਲ ਪਿਲਾਨੀ ਦੇ ਨਿਰਦੇਸ਼ਾਂ ‘ਤੇ ਸਹਾਇਕ ਟਾਊਨ ਪਲੈਨਰ ਦੀਪਕ ਸੁਖੀਜਾ, ਬਿਲਡਿੰਗ ਇੰਸਪੈਕਟਰ ਰਾਮਪਾਲ ਦੀ ਟੀਮ ਨੇ ਡਿਊਟੀ ਮੈਜਿਸਟ੍ਰੇਟ ਨਰੇਸ਼ ਭਾਰਦਵਾਜ ਦੀ ਅਗਵਾਈ ਹੇਠ ਫੈਕਟਰੀ ਨੂੰ ਸੀਲ ਕਰ ਦਿੱਤਾ। ਨਿਗਮ ਦੀ ਇਸ ਕਾਰਵਾਈ ਦੌਰਾਨ ਭਾਰੀ ਪੁਲੀਸ ਫੋਰਸ ਮੌਕੇ ‘ਤੇ ਮੌਜੂਦ ਸੀ। ਸਹਾਇਕ ਟਾਊਨ ਪਲੈਨਰ ਦੀਪਕ ਸੁਖੀਜਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਚਿੱਟਾ ਮੰਦਰ ਰੋਡ ਦੇ ਵਸਨੀਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਚਿੱਟਾ ਮੰਦਰ ਰੋਡ ’ਤੇ ਰਿਹਾਇਸ਼ੀ ਇਲਾਕੇ ਵਿੱਚ ਸਾਬਣ ਫੈਕਟਰੀ ਕਾਰਨ ਲੋਕ ਪ੍ਰੇਸ਼ਾਨ ਸਨ। ਫੈਕਟਰੀ ਵਿੱਚੋਂ ਕੈਮੀਕਲ ਵਾਲਾ ਪਾਣੀ ਨਿਕਲਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ। ਸ਼ਿਕਾਇਤ ਦੇ ਆਧਾਰ ’ਤੇ ਨਗਰ ਨਿਗਮ ਵੱਲੋਂ ਫੈਕਟਰੀ ਨੂੰ ਨੋਟਿਸ ਦਿੱਤੇ ਗਏ ਸਨ। ਅੱਜ ਨਿਗਮ ਦੀ ਟੀਮ ਪੁਲੀਸ ਫੋਰਸ ਨਾਲ ਮੌਕੇ ’ਤ ਪਹੁੰਚੀ ਅਤੇ ਫੈਕਟਰੀ ਨੂੰ ਤਾਲਾ ਲਗਾ ਕੇ ਸੀਲ ਕਰ ਦਿੱਤਾ ਗਿਆ। ਇੱਥੋਂ ਦੇ ਵਾਸੀਆਂ ਨੇ ਨਿਗਮ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ। ਨਗਰ ਨਿਗਮ ਦੇ ਕਮਿਸ਼ਨਰ ਅਖਿਲ ਪਿਲਾਨੀ ਨੇ ਕਿਹਾ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਚੱਲ ਰਹੀਆਂ ਫੈਕਟਰੀਆਂ ਵਿਰੁੱਧ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ।