ਰਿਸ਼ਵਤ ਦੇ ਲੱਖਾਂ ਰੁਪਏ ਮੁੜਵਾਉਣ ਵਾਲਾ ਕੌਂਸਲਰ ਰਾਜੂ ਸਨਮਾਨਿਤ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਮਈ
ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਅੱਜ ਜਗਰਾਉਂ ਪੁੱਜੇ ਅਤੇ ਪ੍ਰਾਪਰਟੀ ਟੈਕਸ ਦੇ ਨਾਂ ਉਗਰਾਹੇ ਗਏ ਲੱਖਾਂ ਰੁਪਏ ਦੀ ਰਿਸ਼ਵਤ ਦੀ ਰਕਮ ਵਾਪਸ ਕਰਵਾਉਣ ਵਾਲੇ ਕੌਂਸਲਰ ਤੇ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਜਲੰਧਰ ਵਾਂਗ ਜਗਰਾਉਂ ਵਿੱਚ ਵੀ ਸ਼ਹਿਰ ਵਾਸੀਆਂ ਨੂੰ ਪ੍ਰਾਪਰਟੀ ਟੈਕਸ ਦੇ ਨੋਟਿਸ ਭੇਜ ਕੇ ਲੱਖਾਂ ਰੁਪਏ ਦੀ ਲੁੱਟ ਹੋਈ ਹੈ। ਇਕ ਇੰਸਪੈਕਟਰ ਲੱਖਾਂ ਰੁਪਏ ਦੀ ਰਿਸ਼ਵਤ ਬਿਨਾਂ ਮਿਲੀਭੁਗਤ ਦੇ ਲੈਣ ਦੀ ਹਿੰਮਤ ਨਹੀਂ ਕਰ ਸਕਦਾ। ਉਨ੍ਹਾਂ ਕਾਮਰੇਡ ਰਾਜੂ ਤੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਦੀ ਸ਼ਲਾਘਾ ਕੀਤੀ ਜਿਨ੍ਹਾਂ ਪੀੜਤ ਲੋਕਾਂ ਦੀ ਬਾਂਹ ਹੀ ਨਹੀਂ ਫੜੀ ਸਗੋਂ ਲੱਖਾਂ ਰੁਪਏ ਵੀ ਮੁੜਵਾਏ। ਮੇਜਰ ਮੁੱਲਾਂਪੁਰ ਨੇ ਕਿਹਾ ਕਿ ਜੇਕਰ ਹਰ ਸ਼ਹਿਰ ਇਸ ਵਿੱਚ ਤਰ੍ਹਾਂ ਜੁਝਾਰੂ ਕਾਂਗਰਸੀ ਈਮਾਨਦਾਰੀ ਤੇ ਧੜੱਲੇ ਨਾਲ ਕੰਮ ਕਰਨ ਤਾਂ ਇਸ ਨਾਲ ਜਿੱਥੇ ਲੋਕਾਂ ਦਾ ਭਲਾ ਹੋਵੇਗਾ ਉਥੇ ਹੀ ਕਾਂਗਰਸ ਪਾਰਟੀ ਵੀ ਮਜਬੂਤ ਹੋਵੇਗੀ।