ਰਿਸ਼ਤੇ ਦੀ ਗੱਲ ਨਾ ਬਣਨ ’ਤੇ ਨੌਜਵਾਨ ਤੇ ਵਾਰਿਸਾਂ ਵੱਲੋਂ ਲੜਕੀ ਦੇ ਘਰ ਜਾ ਕੇ ਭੰਨ-ਤੋੜ
ਸਮਾਣਾ, 25 ਮਈ
ਰਿਸ਼ਤੇ ਦੀ ਗੱਲ ਨਾ ਬਣਨ ’ਤੇ ਗੁੱਸੇ ਵਿੱਚ ਆਏ ਨੌਜਵਾਨ ਵੱਲੋਂ ਆਪਣੇ ਵਾਰਿਸਾਂ ਨਾਲ ਅੱਧੀ ਰਾਤ ਨੂੰ ਲੜਕੀ ਦੇ ਘਰ ਜਾ ਕੇ ਭੰਨ-ਤੋੜ ਕਰਨ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਤਹਿਤ ਸਦਰ ਪੁਲੀਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਹਰਤੇਜ ਸਿੰਘ, ਸਤਨਾਮ ਸਿੰਘ, ਜਤਿੰਦਰ ਸਿੰਘ ਵਾਸੀ ਪਿੰਡ ਮਟੋਰਡਾ ਅਤੇ ਨਾਨਕਵੀਰ ਸਿੰਘ ਵਾਸੀ ਗੁਦਾਈਆਂ ਸ਼ਾਮਲ ਹਨ।
ਮਾਮਲੇ ਦੇ ਜਾਂਚ ਅਧਿਕਾਰੀ ਮਵੀਕਲਾਂ ਪੁਲੀਸ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਜਸਵੀਰ ਕੌਰ ਵਾਸੀ ਪਿੰਡ ਕਕਰਾਲਾ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਮੁਲਜ਼ਮ ਨੌਜਵਾਨ ਦੇ ਨਾਲ ਰਿਸ਼ਤੇ ਦੀ ਗੱਲ ਨਾ ਮੰਨਣ ’ਤੇ 22 ਮਈ ਦੀ ਰਾਤ ਇੱਕ ਵਜੇ ਕਾਰਾਂ ’ਚ ਪਹੁੰਚੇ ਹਥਿਆਰਬੰਦ ਮੁਲਜ਼ਮ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਏ ਅਤੇ ਘਰ ਦਾ ਗੇਟ ਤੋੜਨ ਲੱਗੇ। ਇਸ ਦੌਰਾਨ ਪਰਿਵਾਰ ਦੇ ਲੋਕ ਜਾਗ ਗਏ ਅਤੇ ਰੌਲਾ ਪੈਣ ’ਤੇ ਮੁਲਜ਼ਮ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਪੁਲੀਸ ਅਧਿਕਾਰੀ ਅਨੁਸਾਰ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਪਛਾਣ ਕਰਨ ਉਪਰੰਤ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ’ਚ ਛਾਪੇ ਮਾਰੇ ਜਾ ਰਹੇ ਹਨ।