ਰਿਚਰਡ ਥੀਏਟਰ ਫੈਸਟੀਵਲ: ਨਾਟਕ ‘ਈਨਾ ਦੀ ਆਵਾਜ਼’ ਖੇਡਿਆ
ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਦਸੰਬਰ
ਯੁਵਕ ਭਲਾਈ ਵਿਭਾਗ ਅਤੇ ਪੰਜਾਬ ਸੰਗੀਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਪਟਿਆਲਾ ਵੱਲੋਂ ਕਰਵਾਏ ਜਾ ਰਹੇ 10ਵੇਂ ਨੌਰਾ ਰਿਚਰਡ ਥੀਏਟਰ ਫੈਸਟੀਵਲ ਦੇ ਪੰਜਵੇ ਦਿਨ ਅਸਗਰ ਵਜਾਹਤ ਦਾ ਨਾਟਕ ‘ਈਨਾ ਦੀ ਆਵਾਜ਼’ ਪੇਸ਼ ਕੀਤਾ ਗਿਆ। ਇਹ ਨਾਟਕ ਸੱਤਾ ਦੀ ਸ਼ਰਨ ਗਏ ਕਲਾਕਾਰ ਦੀ ਹੋਣੀ ਬਿਆਨ ਕਰਦਾ ਹੈ, ਜੋ ਲੋਕਾਈ ਦਾ ਪਿਆਰ ਗੁਆ ਬੈਠਦਾ ਹੈ ਅਤੇ ਉੱਥੇ ਹੀ ਪਹੁੰਚ ਜਾਂਦਾ ਹੈ ਜਿੱਥੋਂ ਉਹ ਅਗਾਂਹ ਤੁਰਿਆ ਸੀ। ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਉਰਦੂ ਦੀ ਗੂੜ੍ਹੀ ਰੰਗਤ ਵਾਲੇ ਇਸ ਹਿੰਦੀ ਨਾਟਕ ਦਾ ਪੰਜਾਬੀ ਅਨੁਵਾਦ ਸ਼ਬਦੀਸ਼ ਨੇ ਕੀਤਾ ਹੈ।
ਨਾਟਕਕਾਰ ਨੇ ਕਥਾ ਨੂੰ ਦੂਰਦੇਸ਼ ਵਿੱਚ ਤੇ ਸਦੀਆਂ ਪਹਿਲਾਂ ਵਾਪਰੇ ਘਟਨਾਕ੍ਰਮ ਵਜੋਂ ਦਰਸਾਇਆ ਹੈ ਜਦੋਂ ਦੁਨੀਆਂ ਦੀ ਜਨਤਾ ਰਾਜਸ਼ਾਹੀ ਦੇ ਜ਼ੁਲਮਾਂ ਹੇਠ ਪਿਸ ਰਹੀ ਸੀ। ਇਹ ਨਾਟਕ ‘ਈਨਾ’ ਨਾਮ ਦੇ ਕਿਰਦਾਰ ਦੁਆਲੇ ਘੁੰਮਦਾ ਹੈ ਜਿਸ ਨੂੰ ਫ਼ੌਜੀ ਹਮਲੇ ਤੋਂ ਬਾਅਦ ਗ਼ੁਲਾਮ ਬਣਾ ਲਿਆ ਗਿਆ ਸੀ ਅਤੇ ਇੱਕ ਬਾਦਸ਼ਾਹ ਦੇ ਅਹਿਲਕਾਰਾਂ ਨੇ ਖ਼ਰੀਦ ਕੇ ਆਪਣੀ ਰਿਆਸਤ ਵਿੱਚ ਕਾਮਾ ਬਣਾ ਲਿਆ ਸੀ। ਈਨਾ ਨੇ ਗ਼ੁਲਾਮੀ ਦੇ ਜੀਵਨ ਨੂੰ ਦਿਲੋ-ਦਿਮਾਗ਼ ਤੋਂ ਅਪਣਾ ਲਿਆ ਸੀ ਤੇ ਬਾਦਸ਼ਾਹ ਜਾਂ ਉਸ ਦੇ ਅਹਿਲਕਾਰਾਂ ਦੇ ਹਰ ਹੁਕਮ ਦੀ ਪੂਰੀ ਇਮਾਨਦਾਰੀ ਪਾਲਣਾ ਕਰਦਾ ਸੀ। ਉਹ ਕੰਮ ਜਾਂ ਵਿਹਲੇ ਵੇਲ਼ੇ ਲੋਕ ਧੁਨਾਂ ’ਤੇ ਲੋਕਾਂ ਦੇ ਗੀਤ ਗਾਉਂਦਾ। ਇਸੇ ਕਾਰਨ ਹਰ ਕੋਈ ਉਸਨੂੰ ਦਿਲੋਂ ਪਿਆਰ ਕਰਦਾ ਸੀ। ਉਸ ਰਾਜ ਦਾ ਬਾਦਸ਼ਾਹ ਇੱਕ ਮਹਿਲ ਦੀ ਉਸਾਰੀ ਕਰਵਾਉਂਦਾ ਹੈ ਅਤੇ 20 ਸਾਲਾਂ ਬਾਅਦ ਜਦ ਦਰਵਾਜ਼ੇ ’ਤੇ ਬਾਦਸ਼ਾਹ ਦਾ ਨਾਮ ਲਿਖਿਆ ਜਾਂਦਾ ਹੈ ਤਾਂ ਚਮਤਕਾਰ ਵਾਪਰਦਾ ਹੈ। ਹਰ ਵਾਰ ਬਾਦਸ਼ਾਹ ਦਾ ਨਾਂ ਮਿਟ ਕੇ ਈਨਾ ਦਾ ਨਾਂ ਚਮਕ ਉੱਠਦਾ ਸੀ। ਇਸ ਰਹੱਸਮਈ ਘਟਨਾਕ੍ਰਮ ਦਾ ਰਾਜ਼ ਕੀ ਹੈ, ਈਨਾ ਕਿਸ ਤਰ੍ਹਾਂ ਸੱਤਾ ਸੰਭਾਲਦਾ ਹੈ। ਕੀ-ਕੀ ਕਾਰਨਾਮੇ ਕਰਦਾ ਹੈ ਜਾਂ ਉਸ ਕੋਲੋਂ ਕਰਵਾਏ ਜਾਂਦੇ ਹਨ ਕਿ ਮਹਿਲ ਦੇ ਦਰਵਾਜ਼ੇ ਤੋਂ ਉਸਦਾ ਨਾਂ ਮਿਟ ਜਾਵੇ ਅਤੇ ਬਾਦਸ਼ਾਹ ਦਾ ਨਾਂ ਹੋਰ ਚਮਕਦਾਰ ਹੋ ਜਾਵੇ। ਨਾਟਕ ਵਿੱਚ ਅਨੀਤਾ ਸ਼ਬਦੀਸ਼, ਗੈਰੀ ਵੜੈਚ, ਅਰਮਾਨ ਸੰਧੂ, ਗੁਰਜੰਟ ਸਿੰਘ, ਅਵਤਾਰ ਐਰੀ, ਯੁਵਰਾਜ ਬਾਜਵਾ, ਪਰਮ, ਗੁਰਮੁੱਖ ਗਿਨੀ, ਮਨਦੀਪ ਜੋਸ਼ੀ, ਭਰਤ ਸ਼ਰਮਾ, ਅਨੁਹਾਰ, ਸੋਨੀਆ, ਬਬੀਤਾ ਨੇ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ। ਫੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਗੋਲਡੀ ਨੇ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਨੌਰਾ ਰਿਚਰਡ ਫੈਸਟੀਵਲ ਦੇ ਸਵੇਰ ਦੇ ਰੂ ਬਰੂ ਸ਼ੈਸਨ ਦੌਰਾਨ ਪੰਜਾਬੀ ਰੰਗਮੰਚ ਤੇ ਫਿਲਮੀ ਅਦਾਕਾਰਾ ਅਨੀਤਾ ਸਬਦੀਸ਼ ਅਤੇ ਉਨ੍ਹਾਂ ਦੇ ਹਮਸਫ਼ਰ ਸਬਦੀਸ਼ ਜੋ ਪੇਸ਼ੇ ਤੋਂ ਲੇਖਕ ਨੇ ਦਰਸ਼ਕਾਂ ਨਾਲ ਆਪਣੇ ਰੰਗਮੰਚ ਤੇ ਫ਼ਿਲਮੀ ਸਫ਼ਰ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਅੰਤ ’ਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਹਿੱਤ 21 ਸੈਂਚੁਰੀ ਵਲੋਂ ਪ੍ਰਕਾਸ਼ਿਤ ਸਵਾਮੀ ਸਰਬਜੀਤ ਦੀ ਲਿਖੀ ਪੁਸਤਕ ‘ਤਮਹਾ ’ ਜੋੜੀ ਵੱਲੋਂ ਰਿਲੀਜ਼ ਕੀਤੀ ਗਈ।