ਰਿਕਾਰਡ ਬਣਾਉਣ ਵਾਲੇ ਗੀਤ ’ਚ ਭਾਰਤੀ ਮੂਲ ਦੀ ਬਰਤਾਨਵੀ ਮਹਿਲਾ ਵੀ ਸ਼ਾਮਲ
ਨਵੀਂ ਦਿੱਲੀ, 2 ਜੂਨ
ਭਾਰਤੀ ਮੂਲ ਦੀ ਬਰਤਾਨਵੀ ਰੇਸਤਰਾਂ ਮਾਲਕ ਅਸਮਾ ਖਾਨ 195 ਦੇਸ਼ਾਂ ਦੀਆਂ ਉਨ੍ਹਾਂ ਮਹਿਲਾਵਾਂ ’ਚ ਸ਼ਾਮਲ ਹੈ ਜਿਨ੍ਹਾਂ ‘195’ ਗੀਤ ’ਚ ਕੰਮ ਕੀਤਾ ਹੈ। ਇਸ ਗੀਤ ’ਚ ਸਭ ਤੋਂ ਵੱਧ ਦੇਸ਼ਾਂ ਦੀਆਂ ਮਹਿਲਾਵਾਂ ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਇਹ ‘ਗਿੰਨੀਜ਼ ਵਰਲਡ ਰਿਕਾਰਡਜ਼’ ਵਿੱਚ ਦਰਜ ਹੋ ਗਿਆ ਹੈ। ਇਹ ਗੀਤ ਲਿੰਗ ਆਧਾਰਿਤ ਬਰਾਬਰੀ ਬਾਰੇ ਜਾਗਰੂਕਤਾ ਵਧਾਉਣ ਲਈ ਤਿਆਰ ਕੀਤਾ ਗਿਆ ਹੈ। ਅਮਰੀਕੀ ਗਰੈਮੀ ਨਾਮਜ਼ਦ ਤੇ ਮਲਟੀ ਪਲੈਟੀਨਮ ਸੰਗੀਤ ਨਿਰਮਾਤਾ ਮੇਜਰ, ਮਾਰਟੀਨਾ, ਕਿੰਗਸਲੇ, ਬਰੈਂਡਰ ਲੀ ਤੇ ਐਰੋਨ ਵੱਲੋਂ ਸਥਾਪਤ ‘ਫਰੀਕੁਐਂਸੀ ਸਕੂਲ’ ਨੇ ਇਸ ਸਬੰਧੀ ਮੁਹਿੰਮ ਤਿਆਰ ਕੀਤੀ ਹੈ, ਜਿਸ ਦਾ ਪ੍ਰੀਮੀਅਰ 20 ਤੋਂ 24 ਜਨਵਰੀ ਤੱਕ ਸਵਿਟਜ਼ਰਲੈਂਡ ਦੇ ਦਾਵੋਸ-ਕਲੋਸਟਰਜ਼ ’ਚ ਆਲਮੀ ਆਰਥਿਕ ਮੰਚ (ਡਬਲਿਊਈਐੱਫ) ਦੀ 55ਵੀਂ ਸਾਲਾਨਾ ਮੀਟਿੰਗ ਦੌਰਾਨ ਕੀਤਾ ਗਿਆ ਸੀ। ਬਰਤਾਨੀਆ ’ਚ ਪਰਵਾਸੀ ਤੇ ਨੈੱਟਫਲਿਕਸ ਦੇ ‘ਸ਼ੈੱਫ’ਜ਼ ਟੇਬਲ’ ਦੀ ਸਟਾਰ ਅਸਮਾ ਖਾਨ ਉੱਥੋਂ ਦੀਆਂ ਸਭ ਤੋਂ ਅਹਿਮ ਮਹਿਲਾ ਸ਼ੈੱਫ ’ਚੋਂ ਇੱਕ ਹੈ। ਉਹ ‘ਦਾਰਜੀਲਿੰਗ ਐਕਸਪ੍ਰੈੱਸ’ ਦੀ ਬਾਨੀ ਤੇ ਮਾਲਕ ਹੈ, ਜੋ ਲੰਡਨ ’ਚ ਮਸ਼ਹੂਰ ਭਾਰਤੀ ਰੇਸਤਰਾਂ ਹੈ। -ਪੀਟੀਆਈ