ਰਿਆਤ ਬਾਹਰਾ ਲਾਅ ਕਾਲਜ ਵਿੱਚ ‘ਮੂਟ ਕੋਰਟ’ ਮੁਕਾਬਲੇ
ਨਿੱਜੀ ਪੱਤਰ ਪ੍ਰੇਰਕ
ਹੁਸ਼ਿਆਰਪੁਰ, 6 ਮਈ
ਇੱਥੋਂ ਦੇ ਰਿਆਤ ਬਾਹਰਾ ਲਾਅ ਕਾਲਜ ਵਿੱਚ ਮੂਟ ਕੋਰਟ ਮੁਕਾਬਲਾ ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ਦੀ ਅਗਵਾਈ ਕਾਲਜ ਪ੍ਰਿੰਸੀਪਲ ਡਾ. ਰੰਗਨਾਥ ਸਿੰਘ ਅਤੇ ਵਿਭਾਗ ਮੁਖੀ ਡਾ. ਪ੍ਰਿਯੰਕਾ ਪੁਰੀ ਨੇ ਕੀਤੀ। ਸਮਾਗਮ ‘ਮੂਟ ਕੋਰਟ’ ਕਮੇਟੀ ਦੀਆਂ ਮੈਂਬਰਾਂ ਸੁਖਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਦੀ ਦੇਖ ਰੇਖ ਕਰਵਾਇਆ ਗਿਆ। ਵਿਭਾਗੀ ਮੁਖੀ ਡਾ. ਪ੍ਰਿਯੰਕਾ ਪੁਰੀ ਨੇ ਦੱਸਿਆ ਕਿ ਇਹ ਮੁਕਾਬਲਾ ਹਿੰਦੂ ਵਿਆਹ ਐਕਟ, 1955 ਤਹਿਤ ਵਿਆਹੁਤਾ ਅਧਿਕਾਰਾਂ ਦੀ ਬਹਾਲੀ ਅਤੇ ਤਲਾਕ ਨਾਲ ਸਬੰਧਤ ਉਪਬੰਧਾਂ ’ਤੇ ਅਧਾਰਤ ਸੀ। ਮੁਕਾਬਲੇ ਵਿੱਚ ਅੱਠ ਟੀਮਾਂ ਨੇ ਭਾਗ ਲਿਆ। ਦੋ ਬੁਲਾਰਿਆਂ ਅਤੇ ਇੱਕ ਖੋਜਕਰਤਾ ’ਤੇ ਅਧਾਰਿਤ ਟੀਮਾਂ ’ਚ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਕਾਨੂੰਨ ਦੇ ਗਿਆਨ, ਤਰਕ ਦੇ ਹੁਨਰ ਅਤੇ ਆਤਮਵਿਸ਼ਵਾਸ ਨੂੰ ਵਧਾਉਣ ਦਾ ਮੌਕਾ ਪ੍ਰਦਾਨ ਕਰਨਾ ਸੀ। ਸ਼ੁਰੂਆਤੀ ਅਤੇ ਸੈਮੀਫਾਈਨਲ ਮੁਕਾਬਲਿਆਂ ਦੀ ਜੱਜਮੈਂਟ ਕਨੂੰਨ ਦੇ ਖੇਤਰ ਵਿੱਚ ਸਰਗਰਮ ਕਾਲਜ ਦੇ ਸਾਬਕਾ ਵਿਦਿਆਰਥੀ ਵਕੀਲਾਂ ਵੱਲੋਂ ਦਿੱਤੀ ਗਈ। ਅੰਤਿਮ ਦੌਰ ਵਿੱਚ ਜਿਊਰੀ ਵਿੱਚ ਡਾ. ਇੰਦਰਪ੍ਰੀਤ ਕੌਰ (ਜੀਐਨਡੀਯੂ ਰੀਜਨਲ ਸੈਂਟਰ, ਜਲੰਧਰ) ਅਤੇ ਡਾ. ਬ੍ਰਜੇਸ਼ ਸ਼ਰਮਾ (ਐੱਸਜੀਜੀਆਰਸੀ, ਹੁਸ਼ਿਆਰਪੁਰ) ਸ਼ਾਮਲ ਸਨ। ਮੁਕਾਬਲਿਆਂ ’ਚੋਂ ਜੇਤੂ ਅਤੇ ਉੱਪ ਜੇਤੂ ਟੀਮਾਂ ਬੀ.ਏ.ਐੱਲ.ਬੀ.ਬੀ ਦੀਆਂ ਹਨ। ਉਹ ਬੀ.ਐੱਡ ਦੇ ਚੌਥੇ ਸਮੈਸਟਰ ਵਿੱਚ ਸੀ। ਪ੍ਰਿੰਸੀਪਲ ਡਾ. ਆਰ.ਐਨ. ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਭਵਿੱਖ ਵਿੱਚ ਅਜਿਹੇ ਹੋਰ ਪ੍ਰੋਗਰਾਮ ਕੀਤੇ ਜਾਣਗੇ।