ਰਾਹੁਲ ਨੇ ਯੂਰੋਪੀ ਸੰਸਦ ਮੈਂਬਰਾਂ ਨਾਲ ਮਨੀਪੁਰ ਬਾਰੇ ਕੀਤੀ ਗੱਲਬਾਤ
ਲੰਡਨ, 7 ਸਤੰਬਰ
ਆਪਣੇ ਯੂਰੋਪੀ ਮੁਲਕਾਂ ਦੇ ਦੌਰੇ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਬ੍ਰੱਸਲਜ਼ ’ਚ ਮਨੀਪੁਰ ’ਚ ਮਨੁੱਖੀ ਹੱਕਾਂ ਸਮੇਤ ਹੋਰ ਭਾਰਤ ਦੇ ਹੋਰ ਅਹਿਮ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ। ਸੂਤਰਾਂ ਮੁਤਾਬਕ ਉਨ੍ਹਾਂ ਯੂਰੋਪੀ ਪਾਰਲੀਮੈਂਟ (ਐੱਮਈਪੀ) ਦੇ ਕੁਝ ਮੈਂਬਰਾਂ ਨਾਲ ਬੰਦ ਕਮਰਾ ਮੀਟਿੰਗ ਦੌਰਾਨ ਇਹ ਮਸਲੇ ਵਿਚਾਰੇ ਹਨ।
ਇਹ ਘਟਨਾਕ੍ਰਮ ਉਸ ਸਮੇਂ ਵਾਪਰਿਆ ਹੈ ਜਦੋਂ ਯੂਰੋਪੀ ਸੰਸਦ ਵਿੱਚ ਜੁਲਾਈ ’ਚ ਮਨੀਪੁਰ ਦੇ ਹਾਲਾਤ ਬਾਰੇ ਮਤਾ ਪੇਸ਼ ਕੀਤਾ ਗਿਆ ਸੀ। ਵਿਰੋਧੀ ਧਿਰ ਦੇ ਸੂਤਰਾਂ ਅਨੁਸਾਰ ਬ੍ਰੱਸਲਜ਼ ਵਿੱਚ ਹੋਈ ਵਿਚਾਰ ਚਰਚਾ ਪੂਰੀ ਤਰ੍ਹਾਂ ਸਫਲ ਰਹੀ ਹੈ। ਉਂਜ ਭਾਰਤ ਆਖਦਾ ਆ ਰਿਹਾ ਹੈ ਕਿ ਮਨੀਪੁਰ ’ਚ ਹਾਲਾਤ ਕਾਬੂ ਹੇਠ ਕਰਨ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਕਾਂਗਰਸ ਨੇ ਮੀਟਿੰਗ ਦੀ ਪੁਸ਼ਟੀ ਕਰਦਿਆਂ ਐਕਸ ’ਤੇ ਪੋਸਟ ਕੀਤਾ, ‘ਸ੍ਰੀ ਰਾਹੁਲ ਗਾਂਧੀ ਨੇ ਯੂਰੋਪੀ ਸੰਸਦ ਵਿੱਚ ਮੈਂਬਰਾਂ ਨਾਲ ਅਹਿਮ ਮੁੱਦੇ ਵਿਚਾਰੇ ਹਨ। ਇਸ ਦੀ ਸਹਿ-ਮੇਜ਼ਬਾਨੀ ਐੱਮਈਪੀ ਮੈਂਬਰ ਅਲਵੀਨਾ ਅਲਮੈਤਸਾ ਅਤੇ ਪੀਅਰੇ ਲਾਰੋਤੁਰੋਊ ਨੇ ਕੀਤੀ।’ ਬਾਅਦ ਵਿੱਚ ਰਾਹੁਲ ਗਾਂਧੀ ਨੇ ਸਿਵਲ ਸੁਸਾਇਟੀ ਸੰਸਥਾਵਾਂ ਵੱਲੋਂ ਕਰਵਾਏ ਗਏ ਸਮਾਗਮ ’ਚ ਸ਼ਿਰਕਤ ਕੀਤੀ ਜਿਸ ’ਚ ਉਨ੍ਹਾਂ ਮਨੁੱਖੀ ਹੱਕਾਂ ਨਾਲ ਸਬੰਧਤ ਮੁੱਦਿਆਂ ਬਾਰੇ ਗੱਲਬਾਤ ਕੀਤੀ। ਇਸ ਮਗਰੋਂ ਉਸ ਬੈਲਜੀਅਮ ਆਧਾਰਿਤ ਪਰਵਾਸੀ ਭਾਰਤੀਆਂ ਨਾਲ ਰਾਤਰੀ ਭੋਜ ਵੀ ਕੀਤਾ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਅੱਜ ਸਵੇਰੇ ਬ੍ਰੱਸਲਜ਼ ਪਹੁੰਚੇ ਸਨ। ਕਾਂਗਰਸ ਨੇ ਦੱਸਿਆ ਕਿ ਆਪਣੀ ਯੂਰੋਪ ਯਾਤਰਾ ਦੌਰਾਨ ਰਾਹੁਲ ਗਾਂਧੀ ਪਰਵਾਸੀ ਭਾਰਤੀ ਭਾਈਚਾਰੇ ਤੇ ਯੂਰੋਪੀ ਮੁਲਕਾਂ ਤੋਂ ਯੂਰੋਪੀ ਯੂਨੀਅਨ ਦੇ ਆਗੂਆਂ ਨੂੰ ਮਿਲਣਗੇ। ਇਸ ਸਾਰੇ ਪ੍ਰੋਗਰਾਮ ਦੀ ਦੇਖ-ਰੇਖ ‘ਇੰਡੀਅਨ ਓਵਰਸੀਜ਼ ਕਾਂਗਰਸ’ ਕਰ ਰਹੀ ਹੈ। ਰਾਹੁਲ ਗਾਂਧੀ ਨਾਲ ਟੈਲੀਕੌਮ ਉੱਦਮੀ ਸੈਮ ਪਿਤਰੋਦਾ ਵੀ ਹਨ ਜੋ ਸਾਰੇ ਸਮਾਗਮਾਂ ’ਚ ਰਾਹੁਲ ਗਾਂਧੀ ਦੇ ਨਾਲ ਰਹਿਣਗੇ। ਰਾਹੁਲ ਗਾਂਧੀ ਹੁਣ ਪੈਰਿਸ ਵੀ ਜਾਣਗੇ ਅਤੇ ਉੱਥੋਂ ਦੇ ਸੰਸਦ ਮੈਂਬਰਾਂ ਨਾਲ ਮੀਟਿੰਗਾਂ ਕਰਨਗੇ। ਭਾਰਤ ਆਉਣ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਆਖਰੀ ਪੜਾਅ ਨਾਰਵੇ ਹੋਵੇਗਾ ਜਿੱਥੇ ਓਸਲੋ ’ਚ ਉਨ੍ਹਾਂ ਵੱਲੋਂ ਨਾਰਵੇ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। -ਪੀਟੀਆਈ