ਰਾਹਗੀਰਾਂ ਤੋਂ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਮਈ
ਸ਼ਹਿਰ ਵਿੱਚ ਹਥਿਆਰ ਦਿਖਾ ਕੇ ਰਾਹਗੀਰਾਂ ਕੋਲੋਂ ਲੁੱਟ-ਖੋਹ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਤਿੰਨ ਮੁਲਜ਼ਮਾਂ ਕੋਲੋਂ 7 ਮੋਬਾਈਲ ਫੋਨ ਤੇ ਮੋਟਰਸਾਈਕਲ ਬਰਾਮਦ ਕੀਤੇ ਹਨ। ਮੁਲਜ਼ਮਾਂ ਨੂੰ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਚੇਤ ਸਿੰਘ ਨਗਰ ਇਲਾਕੇ ਵਿੱਚ ਫਾਟਕਾਂ ਨੇੜੇ ਨਾਕੇ ਲਗਾ ਕੇ ਗ੍ਰਿਫ਼ਤਾਰ ਕੀਤਾ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਵੱਖ-ਵੱਖ ਕੰਪਨੀਆਂ ਦੇ ਸੱਤ ਮੋਬਾਈਲ, ਲੁੱਟ ਦੀਆਂ ਘਟਨਾਵਾਂ ’ਚ ਵਰਤਿਆ ਮੋਟਰਸਾਈਕਲ ਅਤੇ 4,500 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਜਸਵੰਤ ਸਿੰਘ ਜੱਸਾ ਵਾਸੀ ਜਸਪਾਲ ਬਾਂਗਰ , ਬੱਬੂ ਮਹਿਤਾ ਵਾਸੀ ਗੁਰਬਚਨ ਨਗਰ, ਡਾਬਾ ਰੋਡ ਅਤੇ ਸਾਹਿਲ ਕੁਮਾਰ ਉਰਫ ਸਾਹਿਲ ਯਾਦਵ ਵਜੋਂ ਹੋਈ ਹੈ। ਉਨ੍ਹਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਉਸਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਏਡੀਸੀਪੀ-2 ਕਰਨਵੀਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੇ 29 ਅਪਰੈਲ ਨੂੰ ਦਵਿੰਦਰ ਚੌਧਰੀ ਤੋਂ ਹਥਿਆਰ ਦਿਖਾ ਲੁੱਟ ਕੀਤੀ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਸੜਕ ’ਤੇ ਨਾਕਾ ਲਗਾ ਕੇ ਉਨ੍ਹਾਂ ਨੂੰ ਫੜ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਨਕਦੀ ਅਤੇ ਹੋਰ ਸਾਮਾਨ ਬਰਾਮਦ ਹੋਇਆ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਲੁੱਟ-ਖੋਹ ਦੀਆਂ ਸੱਤ ਘਟਨਾਵਾਂ ਨੂੰ ਕਬੂਲ ਕੀਤਾ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ ਅਤੇ ਉਨ੍ਹਾਂ ਦੇ ਪਿਛਲੇ ਰਿਕਾਰਡ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਲੁੱਟਿਆ ਹੋਇਆ ਸਾਮਾਨ ਕਿਸ ਨੂੰ ਵੇਚਣ ਜਾ ਰਿਹਾ ਸੀ।