ਰਾਜੌਰੀ ਮੁਕਾਬਲਾ: ਲਸ਼ਕਰ ਕਮਾਂਡਰ ਸਣੇ ਦੋ ਅਤਿਵਾਦੀ ਹਲਾਕ
ਅਤਿਵਾਦੀਆਂ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਲਈ ਸੀ ਸਿਖਲਾਈ
ਰਾਜੌਰੀ/ਜੰਮੂ, 23 ਨਵੰਬਰ
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਅਫ਼ਗਾਨਿਸਤਾਨ ’ਚ ਸਿਖਲਾਈਯਾਫ਼ਤਾ ਲਸ਼ਕਰ-ਏ-ਤੋਇਬਾ ਦੇ ਇੱਕ ਕਮਾਂਡਰ ਸਣੇ ਦੋ ਅਤਿਵਾਦੀ ਮਾਰੇ ਗਏ, ਜਦਕਿ ਇਸ ਦੌਰਾਨ ਗੋਲੀ ਲੱਗਣ ਕਾਰਨ ਫ਼ੌਜ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਧਰਮਸਾਲ ਦੇ ਬਾਜੀਮਾਲ ਖੇਤਰ ਵਿੱਚ ਬੁੱਧਵਾਰ ਨੂੰ ਸ਼ੁਰੂ ਹੋਏ ਮੁਕਾਬਲੇ ਦੌਰਾਨ ਸ਼ਹੀਦ ਜਵਾਨਾਂ ਦੀ ਗਿਣਤੀ ਵਧ ਕੇ ਪੰਜ ਹੋ ਗਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਮੁਕਾਬਲੇ ਦੌਰਾਨ ਵਿਸ਼ੇਸ਼ ਬਲਾਂ ਦੇ ਦੋ ਕੈਪਟਨ ਸਣੇ ਚਾਰ ਫ਼ੌਜੀ ਸ਼ਹੀਦ ਹੋ ਗਏ ਸਨ ਅਤੇ ਦੋ ਹੋਰ ਜ਼ਖ਼ਮੀ ਹੋ ਗਏ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਰਾਤ ਨੂੰ ਰੁਕੀ ਰਹੀ, ਜੋ ਅੱਜ ਸਵੇਰੇ ਮੁੜ ਸ਼ੁਰੂ ਹੋ ਗਈ। ਰੱਖਿਆ ਬੁਲਾਰੇ ਨੇ ਦੱਸਿਆ ਕਿ ਰਾਤ ਸਮੇਂ ਵਾਧੂ ਸੁਰੱਖਿਆ ਬਲਾਂ ਦੀ ਮਦਦ ਨਾਲ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਤਿਵਾਦੀ ਸੰਘਣੇ ਜੰਗਲੀ ਇਲਾਕੇ ਵੱਲ ਨਾ ਜਾ ਸਕਣ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੌਰਾਨ ਮਾਰੇ ਗਏ ਪਾਕਿਸਤਾਨੀ ਅਤਿਵਾਦੀ ਦੀ ਪਛਾਣ ਕਵਾਰੀ ਵਜੋਂ ਹੋਈ ਹੈ। ਬੁਲਾਰੇ ਨੇ ਦੱਸਿਆ, ‘‘ਉਸ ਨੂੰ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਸਿਖਲਾਈ ਦਿੱਤੀ ਗਈ ਸੀ। ਉਹ ਲਸ਼ਕਰ-ਏ-ਤੋਇਬਾ ਦਾ ਇੱਕ ਉੱਚ ਰੈਂਕ ਦਾ ਅਤਿਵਾਦੀ ਸੀ।’’ ਉਨ੍ਹਾਂ ਕਿਹਾ ਕਿ ਉਹ ਇੱਕ ਸਾਲ ਤੋਂ ਰਾਜੌਰੀ-ਪੁਣਛ ਖੇਤਰ ’ਚ ਸਰਗਰਮ ਸੀ। ਉਨ੍ਹਾਂ ਦੱਸਿਆ ਕਿ ਮਾਰਿਆ ਗਿਆ ਅਤਿਵਾਦੀ ਡਾਂਗਰੀ ਤੇ ਕੰਡੀ ਹਮਲਿਆਂ ਦਾ ਮੁੱਖ ਸਾਜ਼ਿਸ਼ਘਾੜਾ ਦੱਸਿਆ ਜਾਂਦਾ ਹੈ। ਬੁਲਾਰੇ ਨੇ ਕਿਹਾ ਕਿ ਕਵਾਰੀ ਨੂੰ ਇਲਾਕੇ ਵਿੱਚ ਮੁੜ ਅਤਿਵਾਦੀ ਗਤੀਵਿਧੀਆਂ ਸ਼ੁਰੂ ਕਰਨ ਲਈ ਭੇਜਿਆ ਗਿਆ ਸੀ ਅਤੇ ਉਹ ਧਮਾਕਾਖੇਜ਼ ਸਮੱਗਰੀ ਬਣਾਉਣ ਵਿੱਚ ਮਾਹਿਰ ਸੀ। ਮੁਕਾਬਲੇ ਵਿੱਚ ਮਾਰੇ ਗਏ ਦੂਜੇ ਅਤਿਵਾਦੀ ਦੀ ਪਛਾਣ ਕੀਤੀ ਜਾ ਰਹੀ ਹੈ। ਬੀਤੇ ਦਿਨ ਮੁਕਾਬਲੇ ਦੌਰਾਨ ਜ਼ਖ਼ਮੀ ਹੋਏ ਇੱਕ ਮੇਜਰ ਅਤੇ ਇੱਕ ਫ਼ੌਜੀ ਨੂੰ ਊਧਮਪੁਰ ਦੇ ਫ਼ੌਜੀ ਕਮਾਂਡ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹੀਦ ਜਵਾਨਾਂ ਵਿੱਚ ਕਰਨਾਟਕ ਕੇ ਮੰਗਲੌਰ ਇਲਾਕੇ ਦੇ ਕੈਪਟਨ ਐੱਮਵੀ ਪ੍ਰਾਂਜਲ, ਉੱਤਰ ਪ੍ਰਦੇਸ਼ ਦੇ ਆਗਰਾ ਦੇ ਕੈਪਟਨ ਸ਼ੁਭਮ ਗੁਪਤਾ, ਜੰਮੂ ਕਸ਼ਮੀਰ ਦੇ ਪੁਣਛ ਵਿੱਚ ਅਜੋਤੇ ਦੇ ਹੌਲਦਾਰ ਅਬਦੁਲ ਮਜੀਦ, ਉੱਤਰਾਖੰਡ ਦੇ ਹਲੀ ਪਦਲੀ ਖੇਤਰ ਦੇ ਲਾਂਸ ਨਾਇਕ ਸੰਜੈ ਬਿਸ਼ਟ ਅਤੇ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਸਚਿਨ ਲੂਰ ਸ਼ਾਮਲ ਹਨ। ਫ਼ੌਜ ਦੀ ਵ੍ਹਾਈਟ ਨਾਈਟ ਕਮਾਂਡ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਰਾਜੌਰੀ ਵਿੱਚ ਗੁਲਾਬਗੜ੍ਹ ਜੰਗਲ ਦੇ ਕਾਲਾਕੋਟ ਖੇਤਰ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਵਿੱਢੀ ਸੀ। ਕਾਂਗਰਸ ਤੇ ਭਾਜਪਾ ਸਣੇ ਕਈ ਸਿਆਸੀ ਧਿਰਾਂ ਨੇ ਅਤਿਵਾਦ ਦਾ ਢੁੱਕਵਾਂ ਜਵਾਬ ਦੇਣ ਦਾ ਸੱਦਾ ਦਿੱਤਾ ਹੈ। ਜੰਮੂ ਕਸ਼ਮੀਰ ਭਾਜਪਾ ਦੇ ਮੁਖੀ ਰਵੇਂਦਰ ਰੈਨਾ ਨੇ ਕਿਹਾ ਕਿ ਪਾਕਿਸਤਾਨ ਖੇਤਰ ਵਿੱਚ ਸ਼ਾਂਤੀ ਭੰਗ ਕਰਨ ਲਈ ਵਾਰ-ਵਾਰ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। -ਪੀਟੀਆਈ
ਅਤਿਵਾਦੀ ਗਤੀਵਿਧੀਆਂ ’ਤੇ ਕਾਂਗਰਸ ਫਿਕਰਮੰਦ
ਜੰਮੂ: ਕਾਂਗਰਸ ਨੇ ਰਾਜੌਰੀ ਅਤੇ ਪੁਣਛ ਵਿੱਚ ਵਧ ਰਹੀਆਂ ਅਤਿਵਾਦੀ ਗਤੀਵਿਧੀਆਂ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਪਾਰਟੀ ਨੇ ਰਾਜੌਰੀ ਜ਼ਿਲ੍ਹੇ ਦੇ ਕਾਲਾਕੋਟ ਖੇਤਰ ਵਿੱਚ ਬੀਤੇ ਦਿਨ ਮੁਕਾਬਲੇ ਦੌਰਾਨ ਦੋ ਕੈਪਟਨ ਅਤੇ ਚਾਰ ਜਵਾਨਾਂ ਦੀ ਸ਼ਹੀਦੀ ’ਤੇ ਦੁੱਖ ਪ੍ਰਗਟਾਇਆ। ਪਾਰਟੀ ਦੇ ਬੁਲਾਰੇ ਨੇ ਕਿਹਾ, ‘‘ਇਹ ਇੱਕ ਚਿੰਤਾਜਨਕ ਸਥਿਤੀ ਹੈ ਅਤੇ ਅਸੀਂ ਖੇਤਰ ਵਿੱਚ ਵਧ ਰਹੀਆਂ ਅਤਿਵਾਦੀ ਗਤੀਵਿਧੀਆਂ ਕਾਰਨ ਫਿਕਰਮੰਦ ਹਾਂ।’’ ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਵਕਾਰ ਰਸੂਲ ਵਾਨੀ, ਕਾਰਜਕਾਰੀ ਪ੍ਰਧਾਨ ਰਮਨ ਭੱਲਾ, ਸੀਨੀਅਰ ਉਪ ਪ੍ਰਧਾਨ ਰਵਿੰਦਰ ਸ਼ਰਮਾ ਅਤੇ ਹੋਰ ਸੀਨੀਅਰ ਆਗੂਆਂ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਜ਼ਖ਼ਮੀ ਜਵਾਨਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। -ਪੀਟੀਆਈ
ਐੱਲਓਸੀ ਨੇੜਿਓਂ ਧਮਾਕਾਖੇਜ਼ ਸਮੱਗਰੀ ਬਰਾਮਦ
ਜੰਮੂ: ਜੰਮੂ ਕੇ ਅਖਨੂਰ ਸੈਕਟਰ ਵਿੱਚ ਅੱਜ ਕੰਟਰੋਲ ਰੇਖਾ (ਐੱਲਓਸੀ) ਨੇੜੇ ਇੱਕ ਡਰੋਨ ਰਾਹੀਂ ਸੁੱਟੇ ਗਏ ਨੌਂ ਗਰਨੇਡ ਅਤੇ ਇੱਕ ਆਈਈਡੀ ਸਣੇ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੇ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਇੱਕ ਬਕਸੇ ਵਿੱਚ ਬੰਦ ਸੀ, ਜਿਸ ਨੂੰ ਐੱਲਓਸੀ ਨੇੜੇ ਪੱਲਾਂਵਾਲਾ ’ਚ ਫ਼ੌਜ ਅਤੇ ਪੁਲੀਸ ਦੀ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਬਰਾਮਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਕਸੇ ਨੂੰ ਦੇਖ ਕੇ ਸ਼ੱਕ ਹੋਇਆ ਅਤੇ ਮੌਕੇ ’ਤੇ ਬੰਬ ਨਕਾਰਾ ਦਸਤੇ ਨੂੰ ਸੱਦਿਆ ਗਿਆ। ਬਕਸੇ ਵਿੱਚੋਂ ਇੱਕ ਆਈਈਡੀ, ਇੱਕ ਪਿਸਤੌਲ, ਦੋ ਮੈਗਜ਼ੀਨ, 38 ਕਾਰਤੂਸ ਅਤੇ ਨੌਂ ਗਰਨੇਡ ਬਰਾਮਦ ਕੀਤੇ ਗਏ। ਮੰਨਿਆ ਜਾ ਰਿਹਾ ਹੈ ਕਿ ਇੱਕ ਡਰੋਨ ਜ਼ਰੀਏ ਅਤਿਵਾਦੀਆਂ ਦੀ ਵਰਤੋਂ ਲਈ ਹਥਿਆਰਾਂ ਦੀ ਇਹ ਖੇਪ ਸੁੱਟੀ ਗਈ ਸੀ। -ਪੀਟੀਆਈ