ਰਾਜਾ ਗਿੱਲ ਵੱਲੋਂ ਕੌਂਸਲ ਚੋਣਾਂ ਸਬੰਧੀ ਆਗੂਆਂ ਨਾਲ ਮੀਟਿੰਗ
ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਅੱਜ ਇਥੇ ਨਗਰ ਕੌਂਸਲ ਚੋਣਾਂ ਸਬੰਧੀ ਆਗੂਆਂ ਤੇ ਚੋਣ ਲੜਨ ਵਾਲੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਸੱਤਾਧਿਰ ਵੱਲੋਂ ਧੱਕੇਸ਼ਾਹੀ ਕਰਦਿਆਂ ਚੋਣ ਅਧਿਕਾਰੀ ਨੇ ਪਾਰਟੀ ਦੇ 7 ਉਮੀਦਵਾਰ ਅਮਰਜੀਤ ਸਿੰਘ ਕਾਲਾ, ਹਰਚੰਦ ਸਿੰਘ, ਮਨਜੀਤ ਕੁਮਾਰੀ, ਉਪਿੰਦਰ ਸਾਹਨੀ, ਪਰਮਜੀਤ ਪੰਮੀ (ਸਾਰੇ ਸਾਬਕਾ ਕੌਂਸਲਰ), ਸਰੋਜ ਬਾਲਾ ਅਤੇ ਹਰਦੇਵ ਸਿੰਘ ਦੇਬੀ ਦੇ ਕਾਗਜ਼ ਰੱਦ ਕਰ ਦਿੱਤੇ ਹਨ ਪਰ ਉਹ ਇਸ ਧੱਕੇਸ਼ਾਹੀ ਖ਼ਿਲਾਫ਼ ਹਾਈਕੋਰਟ ਤੇ ਚੋਣ ਕਮਿਸ਼ਨ ਕੋਲ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਬਾਕੀ 8 ਵਾਰਡਾਂ ਵਿੱਚ ਕਾਂਗਰਸੀ ਉਮੀਦਵਾਰ ਚੋਣ ਲੜਨਗੇ ਤੇ ਭਾਰੀ ਬਹੁਮਤ ਨਾਲ ਜਿੱਤਣਗੇ।
ਰਾਜਾ ਗਿੱਲ ਨੇ ਕਿਹਾ ਕਿ ਸਾਰੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਇਨ੍ਹਾਂ 8 ਵਾਰਡਾਂ ਵਿਚ ਲਗਾ ਦਿੱਤੀਆਂ ਹਨ ਅਤੇ ਹਰੇਕ ਵਰਕਰ ਦਿਨ ਰਾਤ ਮਿਹਨਤ ਕਰ ਪਾਰਟੀ ਦੀ ਜਿੱਤ ਲਈ ਯਤਨ ਕਰੇਗਾ। ਇਸ ਮੌਕੇ ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਜ਼ਿਲਾ ਉਪ ਪ੍ਰਧਾਨ ਕਸਤੂਰੀ ਲਾਲ ਮਿੰਟੂ, ਸਾਬਕਾ ਪ੍ਰਧਾਨ ਸੁਰਿੰਦਰ ਕੁੰਦਰਾ, ਜਗਜੀਤ ਸਿੰਘ ਪ੍ਰਿਥੀਪੁਰ, ਸਾਬਕਾ ਚੇਅਰਮੈਨ ਦਰਸ਼ਨ ਕੁੰਦਰਾ, ਸੰਨੀ ਦੂਆ, ਸੰਜੇ ਜੈਨ, ਚੇਤਨ ਕੁਮਾਰ, ਰਾਮਜੀ ਦਾਸ ਬੱਗੀ, ਜਗਜੀਤ ਮਹਿਰਾ, ਅਜੈ ਜੈਨ, ਵਿਜੈ ਜੈਨ ਵੀ ਮੌਜੂਦ ਸਨ।