ਰਾਜਸਥਾਨ: ਮੋਨੂ ਮਾਨੇਸਰ ਨੂੰ 15 ਦਿਨਾ ਨਿਆਂਇਕ ਹਿਰਾਸਤ ’ਚ ਭੇਜਿਆ
ਜੈਪੁਰ, 14 ਸਤੰਬਰ
ਰਾਜਸਥਾਨ ਦੇ ਡੀਗ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਸੂਬੇ ਦੇ ਦੋ ਮੁਸਲਿਮ ਵਿਅਕਤੀਆਂ ਦੀ ਹੱਤਿਆ ਨਾਲ ਜੁੜੇ ਮਾਮਲੇ ’ਚ ਗਊ ਰੱਖਿਅਕ ਮੋਨੂ ਮਾਨੇਸਰ ਨੂੰ 15 ਦਿਨਾ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ’ਚੋਂ ਫਰਵਰੀ ਮਹੀਨੇ ਰਾਜਸਥਾਨ ਦੇ ਡੀਗ ਜ਼ਿਲ੍ਹੇ ਦੇ ਪਿੰਡ ਘਾਟਮਿਕਾ ਦੇ ਦੋ ਮੁਸਲਿਮ ਵਿਅਕਤੀਆਂ ਨਾਸਿਰ (25) ਅਤੇ ਜੁਨੈਦ (35) ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਸਨ। ਰਾਜਸਥਾਨ ਪੁਲੀਸ ਨੇ ਇਸ ਸਬੰਧ ’ਚ ਮੋਨੂ ਮਾਨੇਸਰ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਕੁਝ ਲੋਕਾਂ ਨੇ ਮੋਨੂੁ ’ਤੇ ਨੂਹ ’ਚ ਹਿੰਸਾ ਭੜਕਾਉਣ ਦਾ ਕਥਿਤ ਦੋਸ਼ ਵੀ ਲਾਇਆ ਸੀ। ਹਰਿਆਣਾ ਪੁਲੀਸ ਨੇ ਲੰਘੇ ਮੰਗਲਵਾਰ ਮੋਨੂ ਮਾਨੇਸਰ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਟਰਾਂਜ਼ਿਟ ਰਿਮਾਂਡ ’ਤੇ ਰਾਜਸਥਾਨ ਪੁਲੀਸ ਹਵਾਲੇ ਕਰ ਦਿੱਤਾ ਸੀ।
ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਦੋ ਦਿਨਾਂ ਦੀ ਪੁੱਛ-ਪੜਤਾਲ ਦੌਰਾਨ ਮੋਨੂੰ ਨੇ ਖੁਲਾਸਾ ਕੀਤਾ ਹੈ ਕਿ ਉਹ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਰਿੰਕੂ ਸੈਣੀ ਦੇ ਸੰਪਰਕ ਵਿੱਚ ਸੀ ਅਤੇ ਨਾਸਿਰ ਨੂੰ ਜੁਨੈਦ ਨੂੰ ਅਗ਼ਵਾ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਦੋਵਾਂ ਦੀ ਫੋਨ ’ਤੇ ਗੱਲਬਾਤ ਵੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਮੋਨੂ ਇਸ ਅਪਰਾਧ ਵੀ ਸ਼ਾਮਲ ਸੀ ਤੇ ਉਹ ਇਸ ਘਟਨਾ ਦਾ ਸਾਜ਼ਿਸ਼ਘਾੜਾ ਸੀ ਜਾਂ ਨਹੀਂ, ਬਾਰੇ ਜਾਂਚ ਕੀਤੀ ਜਾ ਰਹੀ ਹੈ। ਗੋਪਾਲਗੰਜ ਥਾਣਾ ਦੇ ਮੁਖੀ ਸੰਤੋਸ਼ ਸ਼ਰਮਾ ਨੇ ਦੱਸਿਆ ਕਿ ਅਦਾਲਤ ਨੇ ਮੋਨੂ ਮਾਨੇਸਰ ਨੂੰ 15 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ ਹੈ। ਪੁਲੀਸ ਮੁਤਾਬਕ ਇਸ ਕੇਸ ’ਚ ਚਾਰ ਮੁਲਜ਼ਮਾਂ ਮੋਨੂ ਰਾਣਾ, ਰਿੰਕੂ ਸੈਣੀ, ਗੋਗੀ ਅਤੇ ਮੋਨੂ ਮਾਨੇਸਰ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ’ਚ 26 ਹੋਰਨਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। -ਪੀਟੀਆਈ