ਰਾਜਸਥਾਨ ਕੈਨਾਲ ’ਚ ਕਾਰ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ
ਜਗਤਾਰ ਸਮਾਲਸਰ
ਏਲਨਾਬਾਦ, 30 ਨਵੰਬਰ
ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਕਸਬਾ ਟਿੱਬੀ ਨੇੜੇ ਇੱਕ ਕਾਰ ਬੇਕਾਬੂ ਹੋ ਕੇ ਰਾਜਸਥਾਨ ਕੈਨਾਲ ਵਿੱਚ ਡਿੱਗ ਗਈ ਜਿਸ ਵਿੱਚ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਐੱਨਡੀਆਰਐੱਫ ਦੀ ਟੀਮ ਵੱਲੋਂ ਦੋਵਾਂ ਦੀਆਂ ਲਾਸ਼ਾ ਬਰਾਮਦ ਕਰ ਲਈਆਂ ਗਈਆਂ ਹਨ ਜਿਨ੍ਹਾਂ ਨੂੰ ਟਿੱਬੀ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਇਆ ਗਿਆ ਹੈ। ਜਾਂਚ ਅਧਿਕਾਰੀ ਕਰਨ ਸਿੰਘ ਨੇ ਦੱਸਿਆ ਕਿ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਕਾਰ ਵਿੱਚੋਂ ਇੱਕ ਆਦਮੀ ਅਤੇ ਇੱਕ ਔਰਤ ਦੀ ਲਾਸ਼ ਬਰਾਮਦ ਹੋਈ ਜਿਨ੍ਹਾਂ ਦੀ ਪਛਾਣ ਮਦਨ ਸਿੰਘ (36) ਪੁੱਤਰ ਪਾਲ ਸਿੰਘ ਰਾਜਪੂਤ ਅਤੇ ਮਮਤਾ (32) ਪਤਨੀ ਮਦਨ ਸਿੰਘ ਰਾਜਪੂਤ ਵਾਸੀ ਕਨਾਊ ਥਾਣਾ ਗੁੱਗਾਮੇੜੀ ਵਜੋਂ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰ ਲਾਲ ਸਿੰਘ ਨੇ ਮ੍ਰਿਤਕਾਂ ਦੀ ਪਛਾਣ ਕੀਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਸ਼ਾਮੀਂ ਇਹ ਕਾਰ ਨਹਿਰ ਦੀ ਪਟੜੀ ਰਾਹੀਂ ਸੂਰੇਵਾਲਾ-ਵਣੀ ਪੁੱਲ ਵੱਲ ਜਾ ਰਹੀ ਸੀ ਤਾਂ ਜਿਉਂ ਹੀ ਕਾਰ ਨਹਿਰ ਦੀ ਬੁਰਜੀ ਨੰਬਰ 631 ਕੋਲ ਪਹੁੰਚੀ ਤਾਂ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਕਾਰ ਦੇ ਪਿੱਛੇ ਮੋਟਰਸਾਈਕਲ ’ਤੇ ਜਾ ਰਹੇ ਇੱਕ ਵਿਅਕਤੀ ਨੇ ਇਹ ਸਾਰੀ ਘਟਨਾ ਦੇਖੀ ਅਤੇ ਇਸਦੀ ਸੂਚਨਾ ਆਸਪਾਸ ਦੇ ਲੋਕਾਂ ਅਤੇ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ। ਅੱਜ ਦੁਪਹਿਰ ਇਹ ਕਾਰ ਅਤੇ ਲਾਸ਼ਾ ਐੱਨਡੀਆਰਐੱਫ਼ ਦੀ ਟੀਮ ਵੱਲੋਂ ਨਹਿਰ ਵਿੱਚੋਂ ਬਰਾਮਦ ਕਰ ਲਈਆਂ ਗਈਆਂ ਹਨ।