ਰਾਜਪੁਰ ਕੰਢੀ ਦਾ ਛਿੰਝ ਮੇਲਾ ਭੁਪਿੰਦਰ ਅਜਨਾਲਾ ਨੇ ਜਿੱਤਿਆ
ਹੁਸ਼ਿਆਰਪੁਰ, 18 ਜੂਨ
ਪਿੰਡ ਰਾਜਪੁਰ ਕੰਢੀ ਵਿੱਚ ਸ੍ਰੀ 108 ਮਹੰਤ ਰਾਮ ਗਿਰ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ ਤਿੰਨ ਰੋਜ਼ਾ ਸਾਲਾਨਾ ਛਿੰਝ ਮੇਲਾ ਭੁਪਿੰਦਰ ਅਜਨਾਲਾ ਦੇ ਜੇਤੂ ਰਹਿਣ ਨਾਲ ਸਮਾਪਤ ਹੋ ਗਿਆ। ਮੇਲੇ ਦੇ ਸੁਰੂਆਤ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਕੀਰਤਨ ਕੀਤਾ ਗਿਆ। ਛਿੰਝ ਮੇਲੇ ’ਚ 200 ਦੇ ਕਰੀਬ ਚੋਟੀ ਦੇ ਪਹਿਲਵਾਨਾਂ ਨੇ ਸ਼ਮੂਲੀਅਤ ਕੀਤੀ।
ਮੇਲੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਅਤੇ ਸਾਬਕਾ ਡੀ.ਪੀ.ਆਰ.ਓ. ਬਲਦੇਵ ਸਿੰਘ ਬੱਲੀ ਨੇ ਵੀ ਸ਼ਮੂਲੀਅਤ ਕੀਤੀ। ਮੁਕਾਬਲਿਆਂ ਵਿੱਚ ਛੋਟੀ ਰੁਮਾਲੀ ਦੀ ਕੁਸ਼ਤੀ ਰਜਤ ਦਿੱਲੀ ਅਤੇ ਨਰਿੰਦਰ ਖੰਨਾ ਵਿਚਾਲੇ ਹੋਈ, ਜਿਸ ਵਿੱਚੋਂ ਰਜਤ ਦਿੱਲੀ ਜੇਤੂ ਰਿਹਾ। ਜੇਤੂ ਪਹਿਲਵਾਨ ਨੂੰ ਟੀ.ਵੀ.ਐੱਸ. ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ ਜਦਕਿ ਉਪ ਜੇਤੂ ਪਹਿਲਵਾਨ ਨਰਿੰਦਰ ਖੰਨਾ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਗਿਆ। ਵੱਡੀ ਰੁਮਾਲੀ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਅਤੇ ਦਿਨੇਸ਼ ਗੋਲੀਆਂ ਹਰਿਆਣਾ ਵਿਚਾਲੇ ਹੋਈ ਜਿਸ ’ਚੋਂ ਭੁਪਿੰਦਰ ਅਜਨਾਲਾ ਜੇਤੂ ਰਿਹਾ, ਜਿਸ ਨੂੰ ਬੁਲੇਟ ਮੋਟਰਸਾਈਕਲ ਅਤੇ ਗੁਰਜ ਦੇ ਕੇ ਸਨਮਾਨਿਤ ਕੀਤਾ ਗਿਆ। ਦੂਜੇ ਸਥਾਨ ’ਤੇ ਰਹੇ ਪਹਿਲਵਾਨ ਦਿਨੇਸ਼ ਗੋਲੀਆਂ ਨੂੰ ਨਕਦ ਇਨਾਮ ਦਿੱਤਾ ਗਿਆ। ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਮਹੰਤ ਰਾਮ ਗਿਰ ਦੀ ਅਗਵਾਈ ਹੇਠ ਆਏ ਸੰਤ ਮਹਾਪੁਰਸ਼ਾਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਮੁੱਖ ਸੇਵਾਦਾਰ ਮਹੰਤ ਰਾਮ ਗਿਰ ਵੱਲੋਂ ਆਈਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਕੁਮੈਂਟਰੀ ਹਰਦੀਪ ਸਿੰਘ ਰੰਧਾਵਾ ਨੇ ਕੀਤੀ। ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ ਉਡਰੇ ਵਾਲੇ, ਸੰਤ ਸਰਬਜੀਤ ਸਿੰਘ ਕਸਬਾ, ਸੰਤ ਨਰੇਸ਼ ਗਿਰ ਨੰਗਲ ਖੂੰਗਾ, ਸੰਤ ਨਾਨਕ ਗਿਰ, ਸੰਤ ਬਲਵੀਰ ਗਿਰ ਧਰਮਪੁਰ, ਸੰਤ ਪ੍ਰੇਮ ਦਾਸ ਰਜਪਾਲਮਾ, ਸੰਤ ਗੁਰਮੇਲ ਦਾਸ ਰਹੀਮਪੁਰ, ਸੰਤ ਹਰਚਰਨ ਦਾਸ ਉੱਚਾ, ਸੰਤ ਚੰਦਰ ਸ਼ੇਖਰ ਸਕਰਾਲਾ, ਸੰਤ ਹੁਸ਼ਿਆਰ ਗਿਰ ਰਾਜਪੁਰ, ਸੰਤ ਗੋਲਡੀ ਸੰਧਵਾਲ ਅਤੇ ਸੰਤ ਓਮ ਪ੍ਰਕਾਸ਼ ਹਾਜੀਪੁਰ ਹਾਜ਼ਰ ਸਨ।