ਖੇਤਰੀ ਪ੍ਰਤੀਨਿਧਲੁਧਿਆਣਾ, 11 ਜਨਵਰੀਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਂਰੀਆ ਨੇ ਅੱਜ ਪੀਏਯੂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਉਪ-ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਉਪ-ਕੁਲਪਤੀ ਦਫ਼ਤਰ ਦੇ ਕਮੇਟੀ ਰੂਮ ਵਿੱਚ ਹੋਈ ਇਸ ਮੀਟਿੰਗ ’ਚ ਉਪ ਕੁਲਪਤੀ ਡਾ. ਗੋਸਲ ਤੋਂ ਇਲਾਵਾ ’ਵਰਸਿਟੀ ਦੇ ਹੋਰ ਕਈ ਉੱਚ ਅਧਿਕਾਰੀ ਮੌਜੂਦ ਸਨ।ਪੰਜਾਬ ਦੇ ਗਵਰਨਰ ਨੇ ਪੀਏਯੂ ਵੱਲੋਂ ਖੇਤੀਬਾੜੀ ਦੇ ਵਿਕਾਸ, ਹੜ੍ਹਾਂ ਅਤੇ ਮੌਸਮੀ ਚੁਣੌਤੀਆਂ ਅਤੇ ਕਿਸਾਨੀ ਨੂੰ ਬਚਾਉਣ ਵਿੱਚ ਪਾਏ ਯੋਗਦਾਨ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਖੇਤੀਬਾੜੀ ਵਿੱਚ ਸਮਰੱਥ, ਨਵੀਆਂ ਖੋਜਾਂ ਕਰਨ ਅਤੇ ਕਿਸਾਨਾਂ ਦੇ ਮਸਲੇ ਸੁਲਝਾਉਣ ਵਿੱਚ ਪੀਏਯੂ ਦੀ ਅਹਿਮ ਭੂਮਿਕਾ ਰਹੀ ਹੈ।ਉਨ੍ਹਾਂ ਨੇ ਨੌਜਵਾਨਾਂ ਦੇ ਹੁਨਰ ਨੂੰ ਲੱਭਣ ਵਿੱਚ ਉਚੇਰੀ ਸਿੱਖਿਆ ਸੰਸਥਾਵਾਂ ਦੀਆਂ ਬਣਦੀਆਂ ਜ਼ਿੰਮੇਵਾਰੀਆਂ ’ਤੇ ਵੀ ਚਾਨਣਾ ਪਾਇਆ। ਉਪ ਕੁਲਪਤੀ ਡਾ. ਗੋਸਲ ਨੇ ਪੀਏਯੂ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਹੁਣ ਤੱਕ ’ਵਰਸਿਟੀ ਦੇ ਵਿਗਿਆਨੀਆਂ ਵੱਲੋਂ ਕੀਤੀਆਂ ਅਹਿਮ ਖੋਜਾਂ ਅਤੇ ਪ੍ਰਾਪਤੀਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਡਾ. ਗੋਸਲ ਨੇ ਕਿਹਾ ਕਿ ਹਰੀ ਕ੍ਰਾਂਤੀ ਵਿੱਚ ਪੀਏਯੂ ਦੀ ਵੱਡੀ ਭੂਮਿਕਾ ਰਹੀ ਹੈ। ਡਾ. ਗੋਸਲ ਨੇ ਇਹ ਵੀ ਦੱਸਿਆ ਕਿ ਸਾਲ 2023 ਅਤੇ 24 ਵਿੱਚ ਪੀਏਯੂ ਦੇਸ਼ ਦੀਆਂ 75 ਖੇਤੀਬਾੜੀ ਯੂਨੀਵਰਸਿਟੀ ਵਿੱਚੋਂ ਪਹਿਲੇ ਰੈਂਕ ’ਤੇ ਆਈ ਹੈ। ਇਸ ਮੌਕੇ ਉਪ ਕੁਲਪਤੀ ਡਾ. ਗੋਸਲ ਅਤੇ ’ਵਰਸਿਟੀ ਦੇ ਹੋਰ ਅਧਿਕਾਰੀਆਂ ਨੇ ਗਵਰਨਰ ਸ਼੍ਰੀ ਕਟਾਰੀਆ ਨੂੰ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ।