ਰਾਜਪਾਲ ਅਤੇ ਰਾਸ਼ਟਰਪਤੀ ਦੇ ਨਾਂ ਚਿਤਾਵਨੀ ਪੱਤਰ ਸੌਂਪਿਆ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 29 ਮਈ
ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਸਜ਼ਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਇਥੇ ਪ੍ਰਦਰਸ਼ਨ ਕੀਤਾ ਗਿਆ। ਉਪਰੰਤ ਉਪ ਮੰਡਲ ਮੈਜਿਸਟਰੇਟ ਦਫ਼ਤਰ ਵਿੱਚ ਰਾਸ਼ਟਰਪਤੀ ਤੇ ਰਾਜਪਾਲ ਦੇ ਨਾਂ ਚਿਤਾਵਨੀ ਪੱਤਰ ਸੌਂਪਿਆ ਗਿਆ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਸਰਾਭਾ ਪੰਥਕ ਮੋਰਚਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸਥਾਨਕ ਬੱਸ ਅੱਡੇ ਵਿੱਚ ਇਕੱਤਰਤਾ ਕੀਤੀ ਗਈ। ਕਿਸਾਨ ਆਗੂ ਜਸਦੇਵ ਸਿੰਘ ਲਲਤੋਂ, ਗੁਰਦਿਆਲ ਸਿੰਘ ਤਲਵੰਡੀ, ਦਰਸ਼ਨ ਸਿੰਘ ਰਕਬਾ, ਬਲਦੇਵ ਸਿੰਘ ਸਰਾਭਾ, ਜਸਪ੍ਰੀਤ ਸਿੰਘ ਢੋਲਣ, ਭਰਪੂਰ ਸਿੰਘ ਛੱਜਾਵਾਲ, ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਸੇ ਤਰ੍ਹਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਬਹਿਬਲ ਕਲਾਂ ਤੇ ਕੋਟਕਪੂਰਾ ਦੇ ਸ਼ਹੀਦਾਂ ਨੂੰ ਇਨਸਾਫ਼ ਦਿੱਤਾ ਜਾਵੇ, 328 ਸਰੂਪਾਂ ਸਬੰਧੀ ਇਨਸਾਫ਼ ਕੀਤਾ ਜਾਵੇ ਅਤੇ ਕਿਸਾਨਾਂ-ਮਜ਼ਦੂਰਾਂ ਦੀਆਂ ਹੱਕੀ ਮੰਗਾਂ ਬਹਾਲ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਨਸਾਫ਼ ਮੋਰਚੇ ਵਲੋਂ ਆਰੰਭ ਕੀਤਾ ਸੰਘਰਸ਼ ਆਉਣ ਵਾਲੇ ਦਿਨਾਂ ਵਿੱਚ ਤੇਜ਼ ਕੀਤਾ ਜਾਵੇਗਾ। ਆਗੂਆਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੁਣ ਸਮਾਂ ਘਰਾਂ ਤੋਂ ਬਾਹਰ ਨਿਕਲਣ ਦਾ ਆ ਗਿਆ ਹੈ। ਜੇ ਹੱਕੀ ਮੰਗਾਂ ਜਲਦ ਪੂਰੀਆਂ ਨਹੀਂ ਹੁੰਦੀਆਂ ਤਾਂ ਹਰ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਰਹਿਣਾ ਹੋਵੇਗਾ। ਇਸ ਸਮੇਂ ਮੁਖਤਿਆਰ ਸਿੰਘ ਟੂਸਾ, ਅਮਰਜੀਤ ਸਿੰਘ, ਗੁਰਪਾਲ ਸਿੰਘ, ਤੇਜਵੀਰ ਸਿੰਘ, ਡੋਗਰ ਸਿੰਘ ਟੂਸਾ, ਨਛੱਤਰ ਸਿੰਘ, ਗੁਰਮੀਤ ਸਿੰਘ ਢੱਟ, ਅਮਰੀਕ ਸਿੰਘ ਤਲਵੰਡੀ, ਗੁਰਬਖਸ਼ ਸਿੰਘ, ਗੁਰਸੇਵਕ ਸਿੰਘ, ਗੁਰਮੇਲ ਸਿੰਘ ਕੁਲਾਰ ਤੇ ਹੋਰ ਹਾਜ਼ਰ ਸਨ।