ਰਾਜਨੀਤੀ ਵਿੱਚੋਂ ਕੁਝ ਕਮਾਇਆ ਨਹੀਂ, ਸਗੋਂ ਗਵਾਇਆ: ਸਿੱਧੂ
ਜਗਤਾਰ ਸਿੰੰਘ ਲਾਂਬਾ
ਅੰਮ੍ਰਿਤਸਰ, 14 ਜੂਨ
‘ਕਪਿਲ ਸ਼ਰਮਾ ਸ਼ੋਅ’ ਨਾਲ ਮੁੜ ਜੁੜਨ ਮਗਰੋਂ ਪਹਿਲੀ ਵਾਰ ਅੰਮ੍ਰਿਤਸਰ ਪਰਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਘਰ ਦੀ ਰੋਜ਼ੀ-ਰੋਟੀ ਚਲਾਉਣ ਲਈ ਕੁਝ ਤਾਂ ਕਰਨਾ ਜ਼ਰੂਰੀ ਹੈ। ਉਹ ਅੱਜ ਇੱਥੇ ਕੁਈਨਜ਼ ਰੋਡ ’ਤੇ ਸਥਿਤ ਨਾਮੀ ਟੀ ਸਟਾਲ ਵਿੱਚ ਪੁੱਜੇ ਸਨ। ਇੱਥੇ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ। ਮੀਡੀਆ ਨਾਲ ਗੈਰਰਸਮੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘ਇਹ ਮੇਰਾ ਕੋਈ ਨਵਾਂ ਅਵਤਾਰ ਨਹੀਂ ਹੈ, ਉਹ ਪਹਿਲਾਂ ਵੀ ਇਹ ਕੰਮ ਕਰ ਚੁੱਕੇ ਹਨ ਅਤੇ ਹੁਣ ਘਰ ਦੀ ਰੋਜ਼ੀ ਰੋਟੀ ਨੂੰ ਚਲਾਉਣ ਲਈ ਮੁੜ ਇਹ ਕੰਮ ਕਰਨ ਜਾ ਰਹੇ ਹਨ। ਰਾਜਨੀਤੀ ਵਿੱਚੋਂ ਕੁਝ ਕਮਾਇਆ ਨਹੀਂ ਸਗੋਂ ਗਵਾਇਆ ਹੈ। ਨਾ ਕੋਈ ਦੁਕਾਨ ਬਣਾਈ ਹੈ ਅਤੇ ਨਾ ਹੀ ਕੋਈ ਖੱਡ ਖਰੀਦੀ ਹੈ।’ ਸਿੱਧੂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਕੈਂਸਰ ਨਾਲ ਜੂਝ ਰਹੇ ਸਨ ਤਾਂ ਉਨ੍ਹਾਂ ਕੋਲ ਇੰਨਾ ਪੈਸਾ ਨਹੀਂ ਸੀ ਕਿ ਉਹ ਉਸ ਨੂੰ ਵਿਦੇਸ਼ ਇਲਾਜ ਲਈ ਲਿਜਾ ਸਕਦੇ। ਇਸ ਲਈ ਹੁਣ ਉਸ ਨੇ ਮੁੜ ਇਹ ਕੰਮ ਸ਼ੁਰੂ ਕੀਤਾ ਹੈ। ਹੁਣ ਉਹ ਕ੍ਰਿਕਟ ਮੈਚਾਂ ਦੀ ਕੁਮੈਂਟਰੀ ਵੀ ਕਰ ਰਹੇ ਹਨ ਅਤੇ ਕਈ ਹੋਰ ਟਾਕ ਸ਼ੋਅ ਵੀ ਕਰ ਰਹੇ ਹਨ। ਪੰਜਾਬ ਦੀ ਮੌਜੂਦਾ ਸਿਆਸੀ ਅਤੇ ਆਰਥਿਕ ਸਥਿਤੀ ’ਤੇ ਨਿਰਾਸ਼ਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਪਿਛਲੇ 30 ਸਾਲਾਂ ਤੋਂ ਮਾਫੀਆ ਦੀ ਸਰਪ੍ਰਸਤੀ ਕੀਤੀ ਜਾ ਰਹੀ। ਕਿਸੇ ਵੀ ਸਿਆਸਤਦਾਨ ਨੇ ਕੋਈ ਨੀਤੀ ਨਹੀਂ ਬਦਲੀ ਅਤੇ ਨਾ ਹੀ ਕੋਈ ਅਜਿਹਾ ਪ੍ਰੋਗਰਾਮ ਦਿੱਤਾ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਬਦਲੇਗੀ। ਹਰ ਕੋਈ ਆਉਂਦਾ ਹੈ, ਆਪਣਾ ਹਿੱਸਾ ਲੈ ਕੇ ਪਿਛਾਂਹ ਹਟ ਜਾਂਦਾ ਹੈ। ਕਰਜ਼ੇ ਲੈ ਕੇ ਸਰਕਾਰਾਂ ਨੂੰ ਚਲਾਇਆ ਜਾ ਰਿਹਾ ਹੈ।