ਰਾਖਵੇਂ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਮੁਲਤਵੀ
ਪੱਤਰ ਪ੍ਰੇਰਕ
ਭਵਾਨੀਗੜ੍ਹ, 8 ਮਈ
ਅੱਜ ਇੱਥੋਂ ਨੇੜਲੇ ਪਿੰਡ ਖੇੜੀ ਗਿੱਲਾਂ ਵਿਖੇ ਮਜ਼ਦੂਰਾਂ ਵੱਲੋਂ ਰਿਜ਼ਰਵ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਘੱਟ ਰੇਟ ਤੇ ਦੇਣ ਦੀ ਮੰਗ ਕਰਨ ਤੇ ਪੰਚਾਇਤੀ ਵਿਭਾਗ ਦੇ ਨੁਮਾਇੰਦੇ ਨੇ ਬੋਲੀ ਰੱਦ ਕਰ ਦਿੱਤੀ। ਇਸ ਸਬੰਧੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਬੱਬੂ ਸਿੰਘ ਖੇੜੀ ਗਿੱਲਾਂ ਨੇ ਦੱਸਿਆ ਕਿ ਅੱਜ ਤੀਜੇ ਹਿੱਸੇ ਦੀ ਰਿਜ਼ਰਵ ਪੰਚਾਇਤੀ ਜ਼ਮੀਨ ਸਾਢੇ ਅੱਠ ਕਿੱਲੇ ਦੀ ਬੋਲੀ ਐੱਸਸੀ ਧਰਮਸ਼ਾਲਾ ਵਿੱਚ ਹੋਣੀ ਸੀ। ਇਸ ਮੌਕੇ ਦਲਿਤ ਖੇਤ ਮਜ਼ਦੂਰਾਂ ਵੱਲੋਂ ਬੋਲੀ ਲਾਉਣ ਆਏ ਅਧਿਕਾਰੀਆਂ ਨੂੰ ਬੋਲੀ ਦਾ ਰੇਟ ਘੱਟ ਕਰਨ ਦੀ ਮੰਗ ਕੀਤੀ ਗਈ ਪਰ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਕੋਲ ਬੋਲੀ ਦਾ ਰੇਟ ਘਟਾਉਣ ਦੀ ਅਥਾਰਟੀ ਨਹੀਂ ਹੈ। ਇਸ ਉਪਰੰਤ ਪੰਚਾਇਤੀ ਵਿਭਾਗ ਦੇ ਨੁਮਾਇੰਦੇ ਵੱਲੋਂ ਜ਼ਮੀਨ ਦੀ ਬੋਲੀ ਮੁਲਤਵੀ ਕਰ ਦਿੱਤੀ ਗਈ। ਇਸ ਵਾਰ ਪਿੰਡ ਦੇ ਦਲਿਤ ਭਾਈਚਾਰੇ ਨੇ ਸੁਖਚੈਨ ਸਿੰਘ ਦੀ ਅਗਵਾਈ ਹੇਠ ਫ਼ੈਸਲਾ ਕੀਤਾ ਕਿ ਤੀਜੇ ਹਿੱਸੇ ਦੀ ਜ਼ਮੀਨ ਘੱਟ ਰੇਟ ‘ਤੇ ਲੈ ਕੇ ਜ਼ਮੀਨ ‘ਚ ਸਾਂਝੀ ਖੇਤੀ ਕੀਤੀ ਜਾਵੇਗੀ ਜਿਨ੍ਹਾਂ ਦਲਿਤ ਖੇਤ ਮਜ਼ਦੂਰਾਂ ਦੇ ਪਸ਼ੂ ਰੱਖੇ ਹੋਏ ਹਨ, ਉਨ੍ਹਾਂ ਲਈ ਖੇਤ ਵਿਚ ਹਰਾ ਚਾਰਾ ਬੀਜ ਕੇ ਦਿੱਤਾ ਜਾਵੇਗਾ ਤਾਂ ਦਲਿਤ ਖੇਤ ਮਜ਼ਦੂਰ ਔਰਤਾਂ ਨੂੰ ਬਗਾਨੇ ਖੇਤਾਂ ਨਾ ਜਾਣਾ ਪਵੇ।