ਰਾਖਵੀਂ ਪੰਚਾਇਤੀ ਜ਼ਮੀਨ ਦੀ ਬੋਲੀ ਦੂਜੀ ਵਾਰ ਵੀ ਰੱਦ
ਰਮੇਸ਼ ਭਾਰਦਵਾਜ
ਲਹਿਰਾਗਾਗਾ, 17 ਮਈ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਕਾਈ ਪ੍ਰਧਾਨ ਜਥੇਦਾਰ ਭੋਲਾ ਸਿੰਘ ਦੀ ਅਗਵਾਈ ਹੇਠ ਖੇਤ ਮਜ਼ਦੂਰਾਂ ਦੀ ਇਕੱਤਰਤਾ ਰਵਿਦਾਸ ਧਰਮਸ਼ਾਲਾ ਗਾਗਾ ਵਿੱਚ ਕੀਤੀ ਗਈ। ਇਸ ਮੌਕੇ ਪੰਚਾਇਤ ਅਧਿਕਾਰੀਆਂ ਨੇ ਕਿਹਾ ਕਿ ਬਲਾਕ ਵਿਕਾਸ ਪੰਚਾਇਤ ਅਫਸਰ ਦੀਆਂ ਹਦਾਇਤਾਂ ਮੁਤਾਬਕ ਪਿਛਲੇ ਸਾਲ ਦੇ ਚਕੌਤੇ ਨਾਲੋਂ ਇਸ ਸਾਲ 5% ਵਾਧੇ ਨਾਲ ਬੋਲੀ ਕਰਾਉਣ ਦੀ ਹਦਾਇਤ ਕੀਤੀ ਗਈ ਹੈ ਇਸ ਕਰਕੇ ਸਮੂਹ ਐੱਸਸੀ ਭਾਈਚਾਰੇ ਵਿੱਚੋਂ ਜੋ ਵੀ ਪੰਚਾਇਤੀ ਐੱਸਸੀ ਰਿਜ਼ਰਵ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਨਾ ਚਾਹੁੰਦਾ ਹੈ ਉਹ ਬੋਲੀ ਦੇ ਸਕਦਾ ਹੈ ਪ੍ਰੰਤੂ ਠੇਕੇ ਦੇ ਰੇਟ ਜ਼ਿਆਦਾ ਹੋਣ ਕਾਰਨ ਇਕੱਤਰ ਹੋਏ ਐੱਸਸੀ ਪਰਿਵਾਰਾਂ ਨੇ 5% ਵਾਧੇ ਦੇ ਨਾਲ ਬੋਲੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਮੌਕੇ ਇਕੱਤਰ ਹੋਏ ਮਜ਼ਦੂਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਪਿਛਲੇ ਸਾਲ ਦੇ ਠੇਕੇ ਤੋਂ ਘਟਾ ਕੇ ਸਸਤੇ ਠੇਕੇ ਤੇ ਜ਼ਮੀਨ ਤਿੰਨ ਸਾਲਾਂ ਲਈ ਪਟੇ ’ਤੇ ਦਿੱਤੀ ਜਾਵੇ। ਪੰਚਾਇਤ ਅਫਸਰ ਅਤੇ ਪੰਚਾਇਤ ਸੈਕਟਰੀ ਨੇ ਬੋਲੀ ਦੇਣ ਦੀ ਸਹਿਮਤੀ ਨਾ ਹੋਣ ’ਤੇ ਦੂਜੀ ਵਾਰ ਰੱਖੀ ਬੋਲੀ ਵੀ ਰੱਦ ਕਰ ਦਿੱਤੀ।