ਰਸੂਖ਼ਵਾਨ ਵੱਲੋਂ ਸਰਕਾਰੀ ਸਕੂਲ ਦੀ ਥਾਂ ’ਤੇ ਕਬਜ਼ੇ ਕਾਰਨ ਤਣਾਅ
ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਦਸੰਬਰ
ਪਿੰਡ ਜਲਾਲਾਬਾਦ ਈਸਟ ਵਿੱਚ ਇੱਕ ਹਾਕਮ ਧਿਰ ਨਾਲ ਜੁੜੇ ਇੱਕ ਰਸੂਖ਼ਵਾਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਥਾਂ ਉੱਤੇ ਕਬਜ਼ਾ ਕਰਨ ਅਤੇ ਲੋਕਾਂ ਵੱਲੋਂ ਵਿਰੋਧ ਕਰਨ ਤੋਂ ਤਣਾਅ ਦਾ ਮਾਹੌਲ ਬਣ ਗਿਆ। ਸਕੂਲ ਦੀ ਕਾਰਜਕਾਰੀ ਪ੍ਰਿੰਸੀਪਲ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਡੀਐੱਸਪੀ ਧਰਮਕੋਟ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਾਰਜਕਾਰੀ ਪ੍ਰਿੰਸੀਪਲ ਕਮਲਜੀਤ ਕੌਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਕਾਰਵਾਈ ਲਈ ਲਿਖੇ ਪੱਤਰ ਵਿਚ ਆਖਿਆ ਕਿ ਅੱਜ 25 ਦਸੰਬਰ ਨੂੰ ਗਜ਼ਟਿਡ ਛੁੱਟੀ ਵਾਲੇ ਦਿਨ ਸਕੂਲ ਦੀ ਚਾਰਦੀਵਾਰੀ ’ਚ ਜੇਸੀਬੀ ਮਸ਼ੀਨ ਨਾਲ ਨੀਂਹਾਂ ਕੱਢੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੁਕਾਨਾਂ ਦੀ ਉਸਾਰੀ ਹੋਣ ਨਾਲ ਸਕੂਲ ਦਾ 200 ਮੀਟਰ ਟਰੈੱਕ ਨੁਕਸਾਨਿਆ ਜਾਵੇਗਾ। ਸੰਪਰਕ ਕਰਨ ਉੱਤੇ ਕਾਰਜਕਾਰੀ ਪ੍ਰਿੰਸੀਪਲ ਕਮਲਜੀਤ ਕੌਰ ਨੇ ਪੱਤਰ ਦੀ ਪੁਸ਼ਟੀ ਕੀਤੀ ਹੈ।
ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੋਹਣ ਸਿੰਘ ਖੇਲਾ ਜੋ ਇਸੇ ਪਿੰਡ ਜਲਾਲਾਬਾਦ ਈਸਟ ਦੇ ਰਹਿਣ ਵਾਲੇ ਹਨ ਨੇ ਦੱਸਿਆ ਕਿ ਉਨ੍ਹਾਂ ਪੁਲੀਸ ਦੀ ਹੈਲਪ ਲਾਈਨ 112 ਉੱਤੇ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲਣ ਉੱਤੇ ਧਰਮਕੋਟ ਪੁਲੀਸ ਮੌਕੇ ਉੱਤੇ ਪੁੱਜੀ ਅਤੇ ਪੁਲੀਸ ਨੇ ਨੀਂਹਾਂ ਪੁੱਟਣ ਦਾ ਕੰਮ ਰੁਕਵਾ ਦਿੱਤਾ ਹੈ। ਡੀਐੱਸਪੀ ਧਰਮਕੋਟ ਰਮਨਦੀਪ ਸਿੰਘ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦੇ ਆਖਿਆ ਕਿ ਉਨ੍ਹਾਂ ਥਾਣਾ ਧਰਮਕੋਟ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੂੰ ਪੜਤਾਲ ਸੌਂਪ ਦਿੱਤੀ ਹੈ। ਉਹ ਪੰਚਾਇਤ ਤੇ ਦੂਜੀ ਧਿਰ ਦੇ ਕਾਗਜ਼ਾਤ ਚੈੱਕ ਕਰ ਰਹੇ ਹਨ।