ਰਤਨ ਸਕੂਲ ’ਚ ਵਾਤਾਵਰਨ ਸੰਭਾਲ ਦਿਵਸ ਮਨਾਇਆ
ਗੁਰੂਸਰ ਸੁਧਾਰ: ਪਿੰਡ ਰਤਨ ਦੇ ਸੀਨੀਅਰ ਸੈਕੰਡਰੀ ਸਕੂਲ ਟਾਹਲੀ ਸਾਹਿਬ ਵਿੱਚ ਮਾਪੇ ਅਧਿਆਪਕ ਮਿਲਣੀ ਮੌਕੇ ਵਾਤਾਵਰਨ ਸੰਭਾਲ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਮਨਜੀਤ ਕੌਰ ਦੀ ਅਗਵਾਈ ਵਿੱਚ ਮਾਪੇ ਅਧਿਆਪਕ ਮਿਲਣੀ ਮੌਕੇ ਜਾਗਰੂਕਤਾ ਵਧਾਉਣ ਲਈ ਸਕੂਲ ਦੇ ਬੱਚਿਆਂ ਵੱਲੋਂ ਤਿਆਰ ਕੀਤੇ ਪਟਸਨ, ਕਾਗ਼ਜ਼ ਅਤੇ ਕੱਪੜੇ ਦੇ ਥੈਲਿਆਂ ਦੇ ਸਟਾਲ ਲਾ ਕੇ ਪਲਾਸਟਿਕ ਮੁਕਤ ਸਮਾਜ ਦਾ ਸੁਨੇਹਾ ਦਿੱਤਾ ਗਿਆ। ਮਾਪਿਆਂ ਨੇ ਬੱਚਿਆਂ ਦਾ ਹੌਸਲਾ ਵਧਾਉਣ ਲਈ ਖੁੱਲ੍ਹ ਕੇ ਖ਼ਰੀਦਦਾਰੀ ਕੀਤੀ। ਸਮਾਜਸੇਵੀ ਹਰਨੇਕ ਸਿੰਘ ਗਰੇਵਾਲ ਵੱਲੋਂ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਵਿੱਚ ਔਸ਼ਧੀ ਗੁਣਾਂ ਵਾਲੇ ਪੌਦੇ ਲਾਏ ਗਏ ਅਤੇ ਵਿਦਿਆਰਥੀਆਂ ਨੂੰ ਬੂਟਿਆਂ ਦੀ ਦੇਖਭਾਲ ਲਈ ਪ੍ਰੇਰਿਆ। ਉਨ੍ਹਾਂ ਵਿਗੜ ਰਹੇ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਲਈ ਪੌਦੇ ਲਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਨਸੀਹਤ ਦਿੱਤੀ। ਸਕੂਲ ਵੱਲੋਂ ਮਨਾਏ ਮਹਾਂ-ਦਾਖਲਾ ਦਿਵਸ ਮੌਕੇ ਵੱਡੀ ਗਿਣਤੀ ਨਵੇਂ ਵਿਦਿਆਰਥੀਆਂ ਦੇ ਦਾਖ਼ਲੇ ਕੀਤੇ ਗਏ। ਅਧਿਆਪਕਾਂ ਨੇ ਛੁੱਟੀਆਂ ਮੌਕੇ ਵਿਦਿਆਰਥੀਆਂ ਅੰਦਰ ਛੁਪੇ ਗੁਣਾਂ ਨੂੰ ਨਿਖਾਰਨ ਲਈ ਮਾਪਿਆਂ ਤੋਂ ਸਹਿਯੋਗ ਮੰਗਿਆ। ਪ੍ਰਿੰਸੀਪਲ ਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਫਲ ਇਨਸਾਨ ਬਣਨ ਲਈ ਪ੍ਰੇਰਿਆ। -ਪੱਤਰ ਪ੍ਰੇਰਕ