ਰਜਿਸਟਰੀ ਨਾ ਕਰਵਾਉਣ ਤੇ ਧਮਕੀਆਂ ਦੇਣ ’ਤੇ ਕੇਸ ਦਰਜ
ਫਗਵਾੜਾ, 18 ਜੂਨ
ਜ਼ਮੀਨ ਦਾ ਬਿਆਨਾ ਕਰ ਕੇ ਰਜਿਸਟਰੀ ਨਾ ਕਰਵਾਉਣ ਤੇ ਉਲਟਾ ਧਮਕੀਆਂ ਦੇਣ ਦੇ ਸਬੰਧ ’ਚ ਸਦਰ ਪੁਲੀਸ ਨੇ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸਿਮਰਜੀਤ ਸਿੰਘ ਪੁੱਤਰ ਰੁਪਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਗਿਲਸਨ ਕੰਸਟਰੱਕਸ਼ਨ ਲਿਮਟਿਡ ਕੰਪਨੀ ਦਾ ਡਾਇਰੈਕਟਰ ਹੈ। ਉਸਦੀ ਕੰਪਨੀ ਨਾਲ ਪਾਖਰ ਸਿੰਘ ਨੇ ਸੌਦਾ ਕੀਤਾ ਸੀ ਅਤੇ ਪਰਿਵਾਰਕ ਮੈਂਬਰਾਂ ਦੀ ਜ਼ਿੰਮੇਵਾਰੀ ਲੈਂਦਿਆਂ 18 ਕਨਾਲ ਜ਼ਮੀਨ ਵੇਚਣ ਦਾ ਇਕਰਾਰਨਾਮਾ ਕੀਤਾ ਸੀ ਜਦਕਿ ਵੱਖ-ਵੱਖ ਤਰੀਕਾਂ ਨੂੰ ਪੈਸੇ ਦੇ ਦਿੱਤੇ ਗਏ ਸਨ। ਉਸ ਸਮੇਂ ਤੋਂ ਉਹ ਇਸ ਜ਼ਮੀਨ ’ਤੇ ਕਾਬਜ਼ ਹਨ ਤੇ ਚਾਰਦੀਵਾਰੀ ਕੀਤੀ ਹੋਈ ਹੈ ਤੇ ਇਸ ਤੋਂ ਬਾਅਦ ਮਹਿੰਦਰ ਸਿੰਘ ਤੇ ਹਰਦਿਆਲ ਸਿੰਘ ਨੇ ਆਪਣੇ ਹਿੱਸੇ ਦੀ ਰਜਿਸਟਰੀ ਕਰਵਾ ਕੇ ਬਣਦੀ ਰਕਮ ਲੈ ਲਈ ਸੀ।
ਪਾਖਰ ਸਿੰਘ ਵੱਲੋਂ ਰਜਿਸਟਰੀ ਦੀ ਤਰੀਕ 21 ਮਈ ਦੀ ਦਿੱਤੀ ਸੀ ਪਰ ਨਹੀਂ ਕਰਵਾਈ। ਉਸ ਨੇ ਦੋਸ਼ ਲਾਇਆ ਕਿ ਪਾਖਰ ਸਿੰਘ ਦਾ ਜਵਾਈ ਕੁਲਦੀਪ ਸਿੰਘ ਤੇ ਸਾਲਾ ਤਰਸੇਮ ਸਿੰਘ ਕੁੱਝ ਦਿਨ ਪਹਿਲਾਂ ਉਨ੍ਹਾਂ ਨੂੰ ਧਮਕੀ ਦੇ ਕੇ ਗਏ ਸਨ ਕਿ ਉਨ੍ਹਾਂ ਦੀ ਜਗ੍ਹਾ ਖਾਲੀ ਕਰ ਦਿੱਤੀ ਜਾਵੇ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ। ਸ਼ਿਕਾਇਤਕਰਤਾ ਨੇ ਦੱਸਿਆ ਕਿ 12 ਜੂਨ ਨੂੰ ਇਸ ਜਗ੍ਹਾ ’ਤੇ ਵਰਕਰ ਕੰਮ ਕਰਦੇ ਸਨ ਜਿਸ ਦੌਰਾਨ ਕੁਲਦੀਪ ਤੇ ਤਰਸੇਮ ਸਿੰਘ ਤੇ 2-3 ਅਣਪਛਾਤੇ ਵਿਅਕਤੀ ਹਮਲਾ ਕਰਨ ਦੀ ਨੀਅਤ ਨਾਲ ਅੰਦਰ ਦਾਖ਼ਲ ਹੋ ਗਏ ਤੇ ਜਦੋਂ ਉਨ੍ਹਾਂ ਰੋਕਿਆ ਤਾਂ ਇਨ੍ਹਾਂ ਗਾਲੀ ਗਲੋਚ ਕੀਤਾ ਤੇ ਧਮਕੀਆਂ ਦਿੱਤੀਆਂ। ਪੁਲੀਸ ਨੇ ਕੁਲਦੀਪ ਸਿੰਘ ਵਾਸੀ ਪਿੰਡ ਪੱਲੀ ਝੱਕੀ ਨਵਾਂ ਸ਼ਹਿਰ ਤੇ ਤਰਸੇਮ ਸਿੰਘ ਵਾਸੀ ਨੌਰਾ ਖਿਲਾਫ਼ ਕੇਸ ਦਰਜ ਕਰ ਲਿਆ ਹੈ।