ਰਜਵਾਹੇ ਦੇ ਨੀਵੇਂ ਪੱਧਰ ਨਾਲ ਨਹਿਰੀ ਪਾਣੀ ਤੋਂ ਵਾਂਝੇ ਹੋਏ ਕਿਸਾਨ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 15 ਜੂਨ
ਜੌੜੇਪੁਲ- ਰੋਹਟੀ ਨਹਿਰ ਵਿੱਚੋਂ ਨਿਕਲਣ ਵਾਲੇ ਕੁੱਝ ਸਮਾਂ ਪਹਿਲਾਂ ਪੱਕੇ ਕੀਤੇ ਬਿਰਧਨੋ ਮਾਈਨਰ ਰਜਵਾਹੇ ਦਾ ਪੱਧਰ ਪਹਿਲਾਂ ਨਾਲੋਂ ਨੀਵਾਂ ਕਰ ਦੇਣ ਨਾਲ ਸੈਂਕੜੇ ਕਿਸਾਨਾਂ ਦੇ ਖੇਤ ਨਹਿਰੀ ਪਾਣੀ ਤੋਂ ਵਾਂਝੇ ਹੋ ਗਏ ਹਨ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਜਗਦੀਸ਼ ਸਿੰਘ ਚੌਂਦਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰੁਪਿੰਦਰ ਸਿੰਘ ਚੌਂਦਾ ਨੇ ਦੱਸਿਆ ਕਿ ਪੱਕੇ ਕੀਤੇ ਬਿਰਧਨੋ ਮਾਈਨਰ ਰਜਵਾਹੇ ਨੂੰ ਪੁਰਾਣੇ ਲੈਵਲ ਤੋਂ ਨੀਵਾਂ ਕਰ ਦਿੱਤਾ ਗਿਆ ਹੈ ਜਿਸ ਨਾਲ ਵੱਡੀ ਗਿਣਤੀ ਕਿਸਾਨਾਂ ਦੀ ਜ਼ਮੀਨ ਨੱਕਿਆਂ ਤੋਂ ਉੱਚੀ ਰਹਿ ਜਾਣ ਕਾਰਨ ਖੇਤ ਨੂੰ ਲੱਗਣ ਵਾਲਾ ਨਹਿਰੀ ਪਾਣੀ ਬੰਦ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਖੇਤ ਤੱਕ ਪਾਣੀ ਪਹੁੰਚ ਵੀ ਰਿਹਾ ਹੈ ਉਹ ਐਨਾ ਥੋੜ੍ਹਾ ਹੈ ਕਿ ਇਕ ਛੋਟਾ ਜਿਹਾ ਕਿਆਰਾ ਵੀ ਨਹੀਂ ਭਰ ਰਿਹਾ। ਨੱਕੇ ਨੀਵੇਂ ਕਰ ਦੇਣ ਨਾਲ ਕਈ ਖੇਤਾਂ ਦੀ ਸਥਿਤੀ ਅਜਿਹੀ ਬਣਾ ਦਿੱਤੀ ਗਈ ਹੈ ਕਿ ਖੇਤ ਨੂੰ ਟਿਊਬਵੈਲ ਨਾਲ ਲਾਇਆ ਪਾਣੀ ਵੀ ਨੀਵੇਂ ਨੱਕੇ ਕਾਰਨ ਰਜਵਾਹੇ ਵਿਚ ਖਿੱਚ ਲਿਆ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਖੋਖਲੇ ਦੱਸਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਰਜਵਾਹਿਆਂ ਦੇ ਲੈਵਲ ਨੀਵੇਂ ਕਰਕੇ ਟੇਲਾਂ ਤੱਕ ਪਾਣੀ ਪਹੁੰਚਾਉਣਾ ਕਿਸਾਨਾਂ ਨਾਲ ਸਰਾਸਰ ਧੋਖਾ ਹੈ। ਉਨ੍ਹਾਂ ਸਰਕਾਰ ਅਤੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਕਿ ਨਹਿਰੀ ਪਾਣੀ ਤੋਂ ਵਾਂਝੇ ਰੱਖੇ ਜਾ ਰਹੇ ਇਨ੍ਹਾਂ ਖੇਤਾਂ ਨੂੰ ਪਹਿਲਾਂ ਵਾਂਗ ਲੋੜੀਂਦਾ ਪਾਣੀ ਉਪਲਬਧ ਕਰਵਾਉਣ ਲਈ ਤੁਰੰਤ ਢੁਕਵੀਂ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਸੁਖਵੰਤ ਸਿੰਘ, ਹਰਜਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਜਗਤਾਰ ਸਿੰਘ ਅਤੇ ਪੰਚ ਰਣਧੀਰ ਸਿੰਘ ਆਦਿ ਕਿਸਾਨ ਆਗੂ ਵੀ ਹਾਜ਼ਰ ਸਨ।