ਰਜਬਾਹੇ ਦੇ ਮੋਘੇ ਬੰਦ ਹੋਣ ਕਾਰਨ ਟੇਲਾਂ ’ਤੇ ਪਾਣੀ ਵਧਿਆ
ਨਿੱਜੀ ਪੱਤਰ ਪ੍ਰੇਰਕ
ਤਪਾ ਮੰਡੀ, 1 ਅਪਰੈਲ
ਸ਼ਹਿਣਾ ਰਜਬਾਹਾ ਦੇ ਪਿੱਛੋਂ ਮੋਘੇ ਬੰਦ ਹੋਣ ਕਾਰਨ ਟੇਲਾਂ ’ਤੇ ਪਾਣੀ ਵਧਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰ ਰਿਹਾ ਹੈ, ਜਿਸ ਨੂੰ ਲੈ ਕੇ ਅੱਜ ਪਿੰਡ ਧਰਮਪੁਰਾ ਮੌੜ ਅਤੇ ਪਿੰਡ ਮੌੜ ਮਕਸੂਥਾ ਦੇ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਸਰਪੰਚ ਜਿੰਦਰਪਾਲ ਸ਼ਰਮਾ, ਮੰਦਰ ਸਿੰਘ, ਬਲਵੰਤ ਸਿੰਘ ਨੇ ਦੱਸਿਆ ਕਿ ਸ਼ਹਿਣਾ ਰਜਬਾਹੇ ਦੇ ਪਿਛਲੇ ਮੋਘੇ ਬੰਦ ਕਰਨ ਕਾਰਨ ਪਾਣੀ ਇਕੱਠਾ ਹੋਣ ਕਰਕੇ ਫ਼ਸਲਾਂ ਵਿੱਚ ਚਲਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਲੂਆਂ ਦੀ ਪੁਟਾਈ ਉਪਰੰਤ ਮੱਕੀ ਬੀਜਣ ਲਈ ਤਿਆਰ ਕੀਤੇ ਵਾਹਣ ਵੀ ਪਾਣੀ ਨਾਲ ਭਰ ਗਏ ਹਨ। ਸਰਪੰਚ ਨੇ ਦੱਸਿਆ ਕਿ ਪਿਛਲੇ ਮੋਘਿਆਂ ਨੂੰ ਬੰਦ ਕੀਤੇ ਜਾਣ ਉਪਰੰਤ ਪਾਣੀ ਦਾ ਵਹਾਅ ਤੇਜ਼ੀ ਨਾਲ ਵਧਿਆ ਹੈ। ਇਸ ਬਾਰੇ ਸਿੰਚਾਈ ਵਿਭਾਗ ਦੇ ਐਕਸੀਅਨ ਤੇ ਹੋਰ ਮੁਲਾਜਮਾਂ ਨੂੰ ਵੀ ਜਾਣੂ ਕਰਵਾਇਆ ਗਿਆ ਪਰ ਵਿਭਾਗ ਨੇ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਪਿਛਲੇ ਮੋਘੇ ਖੁਲ੍ਹਵਾਉਣ ਲਈ ਨਹਿਰੀ ਵਿਭਾਗ ਦੇ ਕਰਮਚਾਰੀਆਂ ਦੀ ਡਿਊਟੀ ਲਾਈ ਜਾਵੇ ਤਾਂ ਜੋ ਫ਼ਸਲਾਂ ਦਾ ਨੁਕਸਾਨ ਨਾ ਹੋਵੇ।