ਰਜਬਾਹੇ ਦਾ ਬੈੱਡ ਪੱਕਾ ਕਰਨ ਖ਼ਿਲਾਫ਼ ਡਟੇ ਦਰਜਨਾਂ ਪਿੰਡਾਂ ਦੇ ਲੋਕ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 9 ਜਨਵਰੀ
ਸਰਕਾਰ ਅਤੇ ਨਹਿਰ ਵਿਭਾਗ ਵੱਲੋਂ ਪਿੰਡ ਸੋਥਾ ਦੀ ਨਹਿਰ ਵਿਚੋਂ ਨਿਕਲਦੇ ਅਰਨੀਵਾਲਾ ਰਜਬਾਹੇ ਦੇ ਬੈੱਡ ਨੂੰ ਪੱਕਾ ਕਰਨ ਖ਼ਿਲਾਫ਼ ਦਰਜਨਾਂ ਪਿੰਡਾਂ ਦੇ ਲੋਕ ਇੱਕਜੁਟ ਹੋ ਗਏ। ਲੋਕਾਂ ਨੇ ਧਰਨਾ ਲਾ ਕੇ ਸਰਕਾਰ ਅਤੇ ਵਿਭਾਗ ਖਿਲਾਫ਼ ਪ੍ਰਦਰਸ਼ਨ ਕੀਤਾ। ਧਰਨਾਕਾਰੀ ਹਰਜਿੰਦਰ ਸਿੰਘ ਅਤੇ ਮਜ਼ਦੂਰ ਯੂਨੀਅਨ ਆਗੂ ਕਾਕਾ ਖੁੰਡੇ ਹਲਾਲ ਆਦਿ ਨੇ ਦੱਸਿਆ ਕਿ ਇਹ ਮਾਈਨਰ ਪਿੰਡ ਰੁਪਾਣਾ, ਧਿਗਾਣਾ, ਮਹਾਂਬੱਧਰ ਤੋਂ ਹੁੰਦਾ ਹੋਇਆ ਝੀਂਡਵਾਲਾ ਤੱਕ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਸੋਥਾ, ਧਿਗਾਣਾ, ਫੂਲੇਵਾਲਾ, ਦਬੜਾ, ਭੰਗਚੜ੍ਹੀ, ਮਹਾਂਬੱਧਰ, ਚੱਕ ਮਹਾਂਬੱਧਰ, ਸੁੰਦਰ ਰੁਪਾਣਾ, ਨਵਾਂ ਰੁਪਾਣਾ, ਨਾਨਕਪੁਰਾ ਅਤੇ ਖੁੰਡੇ ਹਲਾਲ ਆਦਿ ਪਿੰਡਾਂ ਦੇ ਧਰਤੀ ਹੇਠਲਾਂ ਪਾਣੀ ਪੀਣ ਯੋਗ ਨਹੀਂ ਹੈ। ਸਿਰਫ਼ ਅਰਨੀਵਾਲਾ ਮਾਈਨਰ ਦੇ ਨਾਲ ਕਰੀਬ ਦੋ ਕਿਲੋਮੀਟਰ ਖੇਤਰ ਦਾ ਪਾਣੀ ਪੀਣ ਯੋਗ ਹੈ। ਇਸ ਦਾ ਕਾਰਨ ਇਹ ਕਿ ਮਾਈਨਰ ਦੇ ਬੈੱਡ ਅਤੇ ਸਾਈਡਾਂ ਇੱਟਾਂ ਦੀਆਂ ਬਣੀਆਂ ਹੋਈਆਂ ਜਿਸ ਦਾ ਪਾਣੀ ਰਿਸਣ ਕਰ ਕੇ ਧਰਤੀ ਹੇਠਲਾ ਪਾਣੀ, ਪੀਣ ਯੋਗ ਬਣਿਆ ਹੋਇਆ ਹੈ। ਆਗੂਆਂ ਦਾ ਕਹਿਣਾ ਕਿ ਜੇ ਸਰਕਾਰ ਵੱਲੋਂ ਇਸ ਬੈੱਡ ਨੂੰ ਕੰਕਰੀਟ ਦਾ ਬਣਾਇਆ ਜਾਂਦਾ ਹੈ ਤਾਂ ਪਾਣੀ ਦਾ ਸੋਮਾ ਵੀ ਬੰਦ ਹੋ ਜਾਵੇਗਾ। ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਜਾਣਗੇ। ਉਨ੍ਹਾਂ ਦੱਸਿਆ ਕਿ ਕਈ ਪਿੰਡਾਂ ਵੱਲੋਂ ਨਹਿਰ ਦੇ ਲਾਗਿਓਂ ਪਾਈਪਾਂ ਪਾ ਕੇ ਪੀਣ ਯੋਗ ਪਾਣੀ ਆਪਣੀਆਂ ਢਾਣੀਆਂ ਤੇ ਪਿੰਡਾਂ ਤੱਕ ਲਿਜਾਇਆ ਗਿਆ। ਉਨ੍ਹਾਂ ਮੰਗ ਕੀਤੀ ਨਹਿਰਾਂ ਦੇ ਬੈੱਡ ਨੂੰ ਕੱਚਾ ਰੱਖਿਆ ਜਾਵੇ, ਸਾਈਡਾਂ ਭਾਵੇਂ ਕੰਕਰੀਟ ਦੀਆਂ ਬਣ ਜਾਣ। ਇਸ ਮੌਕੇ ਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਨੂੰ ਲੈ ਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਹੇਠਲੇ ਪੱਧਰ ’ਤੇ ਡਿਪਟੀ ਕਮਿਸ਼ਨਰ ਅਤੇ ਐੱਸਸੀ ਫਿਰੋਜ਼ਪੁਰ ਨਹਿਰੀ ਵਿਭਾਗ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੇ ਸਿੰਚਾਈ ਮੰਤਰੀ ਤੋਂ ਮੰਗ ਕੀਤੀ ਕਿ ਦਰਜਨਾਂ ਪਿੰਡਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ ਤੇ ਮਾਈਨਰ ਦੇ ਬੈੱਡ ਨੂੰ ਕੱਚਾ ਰੱਖ ਕੇ ਨਹਿਰ ਦਾ ਨਿਰਮਾਣ ਕੀਤਾ ਜਾਵੇ। ਇਸ ਮੌਕੇ ਹੋਰਨਾਂ ਪਿੰਡਾਂ ਦੇ ਵਸਨੀਕ ਮੌਜੂਦ ਸਨ।