ਰਜਬਾਹਾ ਜ਼ਮੀਨਦੋਜ਼ ਬਣਾਉਣ ਲਈ ਜਲ ਸਰੋਤ ਮੰਤਰੀ ਨੂੰ ਮੰਗ ਪੱਤਰ
ਪੱਤਰ ਪ੍ਰੇਰਕ
ਪਾਤੜਾਂ, 27 ਮਈ
ਇੱਥੇ ਕਰਮਗੜ੍ਹ ਰਜਬਾਹੇ ਦੀ ਅਤਾਲਾਂ ਬਰਾਂਚ ਬਾਈਪਾਸ ਨੇੜੇ ਜ਼ਮੀਨਦੋਜ਼ ਬਣਾਉਣ ਦੀ ਮੰਗ ਲਈ ਸਥਾਨਕ ਕਈ ਕਲੋਨੀਆਂ ਦੇ ਵਸਨੀਕਾਂ ਨੇ ਨਹਿਰੀ ਵਿਭਾਗ ਦੇ ਮੰਤਰੀ ਬਰਿੰਦਰ ਗੋਇਲ ਨੂੰ ਮੰਗ ਪੱਤਰ ਦਿੱਤਾ। ਇਸ ਦੌਰਾਨ ਮੰਤਰੀ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਰਜਬਾਹਾ ਉਨ੍ਹਾਂ ਦੀ ਮਰਜ਼ੀ ਅਨੁਸਾਰ ਬਣਵਾਉਣ ਕੋਸ਼ਿਸ਼ ਕੀਤੀ ਜਾਵੇਗੀ। ਗੁਰਦਿੱਤ ਸਿੰਘ, ਮਨੋਜ ਕੁਮਾਰ ਸਿੰਗਲਾ, ਕਪਿਲ ਦੇਵ ਕੁਮਾਰ, ਰਾਕੇਸ਼ ਕੁਮਾਰ, ਰਾਮਤੇਜ, ਅਮਰਜੀਤ ਸਿੰਘ ਅਰੋੜਾ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਉਕਤ ਰਜਬਾਹੇ ਦਾ ਪੰਜਾਬ ਸਰਕਾਰ ਵਲੋਂ ਨਵੀਨੀਕਰਨ ਕੀਤਾ ਜਾ ਰਿਹਾ ਹੈ। ਵਿਭਾਗ ਨੇ ਨਗਰ ਕੌਂਸਲ ਦੀ ਹਦੂਦ ਤੱਕ ਰਜਬਾਹਾ ਜ਼ਮੀਨਦੋਜ਼ ਬਣਾਉਣ ਦਾ ਨਕਸ਼ਾ ਪਾਸ ਕੀਤਾ ਸੀ। ਹੁਣ ਵਿਭਾਗ ਇਸ ਨੂੰ ਖੁੱਲ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਓਪਨ ਖੇਤਰ ਵਿੱਚ ਖਾਟੂ ਸ਼ਿਆਮ ਮੰਦਿਰ, ਸੰਘਾ ਕਲੋਨੀ, ਪਵਨ ਕਲੋਨੀ, ਪੁੱਛਾ ਕਲੋਨੀ, ਬੱਸ ਸਟੈਂਡ, ਤਹਿਸੀਲ ਕੰਪਲੈਕਸ ’ਚ ਆਉਣ ਜਾਣ ਵਾਲਿਆਂ ਨੂੰ ਦਿੱਕਤਾਂ ਪੇਸ਼ ਆਉਣਗੀਆਂ। ਉਨ੍ਹਾਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਦੀ ਹਦੂਦ ਤੱਕ ਰਜਬਾਹੇ ਨੂੰ ਜ਼ਮੀਨਦੋਜ਼ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਸ਼ਹਿਰ ਵਾਸੀਆਂ ਦੀ ਮੁਸ਼ਕਲ ਨੂੰ ਧਿਆਨ ’ਚ ਰੱਖਦਿਆਂ ਸੋਚ ਸਮਝ ਕੇ ਫ਼ੈਸਲਾ ਲਿਆ ਜਾਵੇਗਾ।