ਯੰਗ ਰਾਈਟਰਜ਼ ਐਸੋਸੀਏਸ਼ਨ ਵੱਲੋਂ ਪੀਏਯੂ ’ਚ ਪੁਸਤਕ ਪੜ੍ਹਨ ਮੁਕਾਬਲਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਮਈ
ਪੀਏਯੂ ਵਿਖੇ ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਸੰਸਥਾ ‘ਯੰਗ ਰਾਈਟਰਜ਼ ਐਸੋਸੀਏਸ਼ਨ’ ਵੱਲੋਂ ਕਰਵਾਏ ਗਏ ਪੁਸਤਕ ਪੜ੍ਹਨ ਮੁਕਾਬਲੇ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀਆਂ ਮਨ ਪਸੰਦ ਕਿਤਾਬਾਂ ਬਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ। ‘ਮੈਨੂੰ ਇਹ ਕਿਤਾਬ ਕਿਉਂ ਚੰਗੀ ਲੱਗੀ’ ਵਿਸ਼ੇ ’ਤੇ ਕਰਵਾਏ ਗਏ ਇਸ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਪੱਤਰਕਾਰ ਅਤੇ ਚਿੰਤਕ ਜਤਿੰਦਰ ਪੰਨੂ ਨੇ ਕਿਹਾ ਕਿ ਉਨ੍ਹਾਂ ਅੱਜ ਵਿਦਿਆਰਥੀਆਂ ਦੇ ਹੁਣ ਤੱਕ ਹੁੰਦੇ ਰਵਾਇਤੀ ਮੁਕਾਬਲਿਆਂ ਤੋਂ ਹਟਕੇ ਇੱਕ ਵਿਲੱਖਣ ਮੁਕਾਬਲੇ ਵਿੱਚ ਹਿੱਸਾ ਲਿਆ ਹੈ, ਜਿਸ ਲਈ ਯੂਨੀਵਰਸਿਟੀ ਵਧਾਈ ਦੀ ਹੱਕਦਾਰ ਹੈ। ਸ੍ਰੀ ਪੰਨੂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਕਿਤਾਬਾਂ ਪੜ੍ਹਨ ਦੇ ਨਾਲ ਨਾਲ ਇਨਸਾਨਾਂ ਦੇ ਮਨ ਦੀ ਇਬਾਰਤ ਵੀ ਪੜਨੀ ਸਿੱਖੋ ਕਿਉਂ ਕਿ ਇਸ ਵੇਲੇ ਮਰ ਰਹੀ ਇਨਸਾਨੀਅਤ ਨੂੰ ਬਚਾਉਣ ਵਿੱਚ ਨੌਜਵਾਨ ਪੀੜ੍ਹੀ ਮੁਲੱਵਾਨ ਯੋਗਦਾਨ ਪਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਡਾ ਸਮਾਜ ਅਜਿਹੀਆਂ ਅਲਾਮਤਾਂ ਵਿੱਚ ਘਿਰ ਚੁੱਕਾ ਹੈ ਜਿਹੜੀਆਂ ਸਾਡੇ ਭਵਿੱਖ ਲਈ ਵੱਡਾ ਖਤਰਾ ਹਨ ਅਤੇ ਜਿੰਨਾ ਤੋਂ ਬਚਣ ਲਈ ਗੰਭੀਰ ਯਤਨ ਅਤੇ ਸੱਚੀ-ਸੁੱਚੀ ਸੋਚ ਦੀ ਜ਼ਰੂਰਤ ਹੈ। ਤੁਹਾਡੀ ਸੁਹਿਰਦਤਾ ਹੀ ਦੇਸ਼ ਨੂੰ ਖੁਸ਼ਹਾਲ ਬਣਾਵੇਗੀ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕਿਤਾਬਾਂ ਪੜ੍ਹਨਾ ਜ਼ਿੰਦਗੀ ਲਈ ਇੱਕ ਵਰਦਾਨ ਹੈ। ਸਵਾਗਤੀ ਸ਼ਬਦਾਂ ਦੌਰਾਨ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਦੱਸਿਆ ਕਿ ਬੇਸ਼ੱਕ ਇਹ ਪੁਸਤਕ ਪੜ੍ਹਨ ਮੁਕਾਬਲਾ ਪਹਿਲੀ ਵਾਰ ਹੋ ਰਿਹਾ ਹੈ ਫਿਰ ਵੀ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਇਸ ਵਿੱਚ ਹਿੱਸਾ ਲਿਆ ਹੈ। ਡਾ. ਨਿਰਮਲ ਜੌੜਾ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਹੋਰ ਵਧਾਉਣ ਲਈ ਵੱਖ ਵੱਖ ਹੋਸਟਲਾਂ ਵਿੱਚ ਚੰਗੇ ਰੀਡਿੰਗ ਰੂਮ ਸਥਾਪਤ ਕੀਤੇ ਜਾ ਰਹੇ ਹਨ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਰਿਸ਼ੀਪਾਲ ਸਿੰਘ (ਆਈ ਏ ਐਸ) ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਲ ਰਹੇ ਸਹਿਯੋਗਸਦਕਾ ਯੂਨੀਵਰਸਿਟੀ ਦੇ ਖੇਡ ਮੈਦਾਨਾਂ, ਲਾਇਬਰੇਰੀ ਅਤੇ ਹੋਸਟਲਾਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਰਿਹਾ ਹੈ।
ਧੰਨਵਾਦ ਕਰਦਿਆਂ ਯੂਨਵਿਰਸਿਟੀ ਦੇ ਐਸੋਸੀਏਟ ਡਾਇਰੈਕਟਰ ਕਲਚਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਪੁਸਤਕ ਸੱਭਿਆਚਾਰ ਪੈਦਾ ਕਰਨਾ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਪੁਸਤਕ ਪੜ੍ਹਨ ਮੁਕਾਬਲੇ ਦੇ ਨਿਰਣਾਇਕਾਂ ਦੀ ਭੂਮਿਕਾ ਗਜ਼ਲਗੋ ਸਤੀਸ਼ ਗੁਲਾਟੀ, ਉਘੇ ਲੇਖਕ ਹਰਪਾਲ ਸਿੰਘ ਮਾਂਗਟ ਅਤੇ ਸਿਖਿਆ-ਸਾਸ਼ਤ੍ਰੀ ਜਸਵਿੰਦਰ ਸਿੰਘ ਵਿਰਕ ਨੇ ਨਿਭਾਈ।
ਕਿਤਾਬਾਂ ਪੜ੍ਹਨ ਦਾ ਰੁਝਾਨ ਤੰਦਰੁਸਤ ਸਮਾਜ ਦੀ ਨਿਸ਼ਾਨੀ: ਤੂਰ
Advertisementਕਾਫਲਾ-ਜੀਵੇ ਜਵਾਨੀ ਦੇ ਮੁੱਖ ਸੰਚਾਲਕ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਕਿਤਾਬਾਂ ਪੜ੍ਹਨਾ ਇੱਕ ਚੰਗਾ ਰੁਝਾਨ ਹੈ ਅਤੇ ਤੰਦਰੁਸਤ ਸਮਾਜ ਦੀ ਨਿਸ਼ਾਨੀ ਹੈ। ਪੁਸਤਕ ਪੜ੍ਹਨ ਮੁਕਾਬਲੇ ਵਿੱਚ ਪਹਿਲਾ ਸਥਾਨ ਵਰਿਧੀ ਛਾਬੜਾ ਅਤੇ ਅਨਮੋਲਪ੍ਰੀਤ ਕੌਰ ਨੇ ਜਦੋਂ ਕਿ ਦੂਜਾ ਸਥਾਨ ਸ਼ਲਿੰਦਰਜੀਤ ਸਿੰਘ ਨੇ ਅਤੇ ਤੀਸਰਾ ਸਥਾਨ ਜੋਬਨਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਜਸ਼ਨਪ੍ਰੀਤ ਕੌਰ, ਜੈਸਮੀਨ ਕੌਰ ਅਤੇ ਚਰਨਜੀਤ ਕੌਰ ਨੂੰ ਵਿਸ਼ੇਸ਼ ਇਨਾਮ ਵੀ ਦਿੱਤੇ ਗਏ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਬਿਕਰਮਜੀਤ ਸਿੰਘ ਨੇ ਕਿਹਾ ਇਸ ਤਰਾਂ ਦੇ ਹੋਰ ਸਾਹਿਤਕ ਮੁਕਾਬਲੇ ਭਵਿੱਖ ਵਿੱਚ ਕਰਵਾਉਣ ਦੀ ਯੋਜਨਾ ਹੈ। ਇਸ ਮੌਕੇ ਕਈ ਸਖਸ਼ੀਅਤਾਂ ਹਾਜ਼ਰ ਸਨ।