ਯੂਰੀਆ ਖਾਦ ਲੁੱਟਣ ਦੇ ਮਾਮਲੇ ਵਿੱਚ ਅੱਠ ਮੁਲਜ਼ਮ ਕਾਬੂ
ਪੱਤਰ ਪ੍ਰੇਰਕ
ਯਮੁਨਾਨਗਰ, 28 ਮਈ
ਕ੍ਰਾਈਮ ਬ੍ਰਾਂਚ-2 ਨੇ ਗੁਦਾਮ ਦੀ ਭੰਨਤੋੜ ਕਰਕੇ ਯੂਰੀਆ ਖਾਦ ਲੁੱਟਣ ਦੇ ਮਾਮਲੇ ਵਿੱਚ ਅੱਠ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲੀਸ ਸੁਪਰਡੈਂਟ ਸੁਰੇਂਦਰ ਸਿੰਘ ਭੌਰੀਆ ਨੇ ਕਿਹਾ ਕਿ ਪਿੰਡ ਤਾਜਕਪੁਰ ਨੇੜੇ ਗੁਦਾਮ ਵਿੱਚੋਂ ਯੂਰੀਆ ਖਾਦ ਦਾ ਸਟਾਕ ਰੱਖਿਆ ਹੋਇਆ ਸੀ, ਜਿੱਥੇ ਹੋਮ ਗਾਰਡ ਜਵਾਨ ਅਤੇ ਪ੍ਰਾਈਵੇਟ ਸੁਰੱਖਿਆ ਗਾਰਡ ਡਿਊਟੀ ‘ਤੇ ਤਾਇਨਾਤ ਸਨ। 19-20 ਮਈ ਦੀ ਰਾਤ ਨੂੰ 14-15 ਅਣਪਛਾਤੇ ਵਿਅਕਤੀ ਗੁਦਾਮ ਵਿੱਚ ਦਾਖਲ ਹੋਏ ਅਤੇ ਹਮਲਾ ਕਰਕੇ ਗੋਦਾਮ ਵਿੱਚੋਂ ਲਗਪਗ 120 ਬੋਰੀਆਂ ਯੂਰੀਆ ਖਾਦ ਨੂੰ ਟਰੈਕਟਰ-ਟਰਾਲੀ ਅਤੇ ਪਿਕ-ਅੱਪ ਵਿੱਚ ਲੱਦ ਕੇ ਫ਼ਰਾਰ ਹੋ ਗਏ। ਥਾਣਾ ਸਦਰ ਵਿੱਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕ੍ਰਾਈਮ ਬ੍ਰਾਂਚ-2 ਦੇ ਇੰਚਾਰਜ ਰਾਜਕੁਮਾਰ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਨੇ ਘਟਨਾ ਵਿੱਚ ਸ਼ਾਮਲ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਨਫੀਸ ਉਰਫ਼ ਸੋਨੂੰ , ਮਾਸੂਮ, ਸ਼ਾਹਿਦ ਉਰਫ਼ ਸਾਹਿਲ ਵਾਸੀ ਪਿੰਡ ਟੋਡਰਪੁਰ, ਆਸ਼ਿਕ ਵਾਸੀ ਪਿੰਡ ਤਿਗਰਾ, ਸ਼ੋਇਬ ਵਾਸੀ ਪਿੰਡ ਅਕਾਲਗੜ੍ਹ, ਕੁਰਬਾਨ ਅਤੇ ਮੁਨੱਵਰ ਵਾਸੀ ਪਿੰਡ ਕੋਟ ਬਸਾਵਾ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਦੇਸੀ ਚਾਕੂ, ਰੌਂਦ ਅਤੇ ਇਸ ਘਟਨਾ ਵਿੱਚ ਵਰਤਿਆ ਸੋਨਾਲੀਕਾ ਟਰੈਕਟਰ, ਟਰਾਲੀ ਬਰਾਮਦ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਇਸ ਘਟਨਾ ਦੇ ਮੁੱਖ ਮਾਸਟਰਮਾਈਂਡ ਨਫੀਸ ਉਰਫ਼ ਸੋਨੂੰ, ਬਿਲਾਲ ਵਾਸੀ ਪਿੰਡ ਟੋਡਰਪੁਰ ਅਤੇ ਮੁਸਤਫ਼ਾ ਵਾਸੀ ਪਿੰਡ ਜਟਾਣਵਾਲਾ ਥਾਣਾ ਛਛਰੌਲੀ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਤੇ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।