ਯੂਪੀ ਸਰਕਾਰ ਨੇ ਮ੍ਰਿਤਕਾਂ ਦੀ ਗਿਣਤੀ ਲੁਕਾਈ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਬੀਬੀਸੀ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਮਹਾਂਕੁੰਭ ਦੌਰਾਨ ਭਗਦੜ ਵਿੱਚ ਮਰਨ ਵਾਲਿਆਂ ਦੀ ਗਿਣਤੀ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਛੁਪਾਈ ਗਈ ਹੈ। ਉਨ੍ਹਾਂ ਭਾਜਪਾ ’ਤੇ ਦੋਸ਼ ਲਾਇਆ ਕਿ ਉਸ ਦੀ ਕੋਈ ਜਵਾਬਦੇਹੀ ਨਹੀਂ ਹੈ। ਉਨ੍ਹਾਂ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਬੀਬੀਸੀ ਦੀ ਰਿਪੋਰਟ ਤੋਂ ਪਤਾ ਲਗਦਾ ਹੈ ਕਿ ਕੁੰਭ ਮੇਲੇ ਵਿੱਚ ਭਗਦੜ ਦੌਰਾਨ ਹੋਈਆਂ ਮੌਤਾਂ ਦੇ ਅੰਕੜੇ ਛੁਪਾਏ ਗਏ ਸਨ। ਕਰੋਨਾ ਵਾਂਗ ਅੰਕੜਿਆਂ ’ਚੋਂ ਗ਼ਰੀਬਾਂ ਦੀਆਂ ਲਾਸ਼ਾਂ ਹਟਾ ਦਿੱਤੀਆਂ ਗਈਆਂ। ਹਰ ਵਾਰ ਵੱਡੇ ਰੇਲ ਹਾਦਸੇ ਵਾਂਗ ਸੱਚਾਈ ਨੂੰ ਦਬਾ ਦਿੱਤਾ ਜਾਂਦਾ ਹੈ।’’ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ, ‘‘ਇਹ ਭਾਜਪਾ ਮਾਡਲ ਹੈ। ਜੇਕਰ ਗ਼ਰੀਬਾਂ ਦੀ ਗਿਣਤੀ ਨਹੀਂ ਹੋਵੇਗੀ ਤਾਂ ਜਵਾਬਦੇਹੀ ਵੀ ਨਹੀਂ ਹੋਵੇਗੀ।’’ ਬੀਬੀਸੀ ਦੀ ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਗਦੜ ਵਿੱਚ 82 ਲੋਕ ਮਾਰੇ ਗਏ ਸਨ। ਮ੍ਰਿਤਕਾਂ ਦੀ ਗਿਣਤੀ ਸਰਕਾਰ ਦੇ ਅਧਿਕਾਰਤ ਅੰਕੜੇ 37 ਤੋਂ ਕਾਫ਼ੀ ਜ਼ਿਆਦਾ ਹੈ। -ਪੀਟੀਆਈ