ਯੂਪੀਐੱਸ ’ਚ ਸ਼ਾਮਲ ਮੁਲਾਜ਼ਮ ਸੇਵਾਮੁਕਤੀ ਤੇ ਡੈੱਥ ਗਰੈਚੁਟੀ ਲਾਭ ਦੇ ਹੱਕਦਾਰ
ਨਵੀਂ ਦਿੱਲੀ, 18 ਜੂਨ
ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਅੱਜ ਕਿਹਾ ਕਿ ਏਕੀਕ੍ਰਿਤ ਪੈਨਸ਼ਨ ਸਕੀਮ (ਯੂਪੀਐੱਸ) ਵਿੱਚ ਸ਼ਾਮਲ ਕੇਂਦਰ ਸਰਕਾਰ ਦੇ ਸਾਰੇ ਮੁਲਾਜ਼ਮ ਹੁਣ ਪੁਰਾਣੀ ਪੈਨਸ਼ਨ ਸਕੀਮ (ਓਪੀਐੱਸ) ਤਹਿਤ ਮਿਲਣ ਵਾਲੇ ਸੇਵਾਮੁਕਤੀ ਤੇ ਡੈੱਥ (ਮੌਤ) ਗਰੈਚੁਟੀ ਲਾਭ ਦੇ ਹੱਕਦਾਰ ਹੋਣਗੇ। ਸਰਕਾਰੀ ਮੁਲਾਜ਼ਮਾਂ ਦੀ ਇਸ ਮੰਗ ਸਬੰਧੀ ਉਨ੍ਹਾਂ ਕਿਹਾ ਕਿ ਇਹ ਕਦਮ ਸਰਕਾਰੀ ਕਰਮਚਾਰੀਆਂ ਦੀ ਮੰਗ ਦਾ ਹੱਲ ਕਰਦਾ ਹੈ ਅਤੇ ਸੇਵਾਮੁਕਤੀ ਲਾਭ ’ਚ ਸਮਾਨਤਾ ਲਿਆਉਂਦਾ ਹੈ। ਪਰਸੋਨਲ ਰਾਜ ਮੰਤਰੀ ਜੀਤੇਂਦਰ ਸਿੰਘ ਨੇ ਕਿਹਾ ਕਿ ਨਵਾਂ ਪ੍ਰਬੰਧ ਕੌਮੀ ਪੈਨਸ਼ਨ ਸਕੀਮ (ਐੱਨਪੀਐੱਸ) ਤਹਿਤ ਸਾਰੇ ਵਰਗਾਂ ਦੇ ਮੁਲਾਜ਼ਮਾਂ ਲਈ ਸਮਾਜਿਕ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਨੇ ਪਰਸੋਨਲ, ਲੋਕ ਸ਼ਿਕਾਇਤ ਤੇ ਪੈਨਸ਼ਨ ਮੰਤਰਾਲੇ ਦੇ ਪਿਛਲੇ 11 ਸਾਲਾਂ ਦੇ ਸਫ਼ਰ ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸ਼ਾਸਨ ਨੂੰ ਸਰਲ ਬਣਾਉਣ ਦੇ ਮਨੋਰਥ ਨਾਲ ਕਈ ਸੁਧਾਰ ਕੀਤੇ ਗਏ ਹਨ। ਮੰਤਰੀ ਨੇ ਕਿਹਾ ਕਿ ਯੂਪੀਐੱਸ ਤਹਿਤ ਆਉਣ ਵਾਲੇ ਕੇਂਦਰ ਸਰਕਾਰ ਦੇ ਮੁਲਾਜ਼ਮ ਹੁਣ ਕੇਂਦਰੀ ਸਿਵਿਲ ਸੇਵਾਵਾਂ (ਐੱਨਪੀਐੱਸ ਤਹਿਤ ਗਰੈਚੁਟੀ ਦੀ ਅਦਾਇਗੀ) ਨਿਯਮ 2021 ਦੇ ਪ੍ਰਬੰਧਾਂ ਮੁਤਾਬਕ ਸੇਵਾਮੁਕਤੀ ਅਤੇ ਡੈੱਥ ਗਰੈਚੁਟੀ ਲਾਭ ਲਈ ਯੋਗ ਹੋਣਗੇ।
ਪਰਸੋਨਲ ਮੰਤਰਾਲੇ ਦੇ ਪੈਨਸ਼ਨ ਤੇ ਪੈਨਸ਼ਨਰ ਭਲਾਈ ਵਿਭਾਗ (ਡੀਓਪੀਪੀਡਬਲਿਊ) ਨੇ ਅੱਜ ਯੂਪੀਐੱਸ ਅਧੀਨ ਆਉਣ ਵਾਲੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਨੌਕਰੀ ਦੌਰਾਨ ਸਰਕਾਰੀ ਮੁਲਾਜ਼ਮ ਦੀ ਮੌਤ ਜਾਂ ਅਪਾਹਜ ਹੋਣ ਕਾਰਨ ਸਰਕਾਰੀ ਨੌਕਰੀ ਤੋਂ ਉਨ੍ਹਾਂ ਦੀ ਬਰਖਾਸਤਗੀ ’ਤੇ ਓਪੀਐੱਸ ਤਹਿਤ ਲਾਭ ਮਿਲਣ ਦੇ ਬਦਲਾਂ ਬਾਰੇ ਇੱਕ ਹੁਕਮ ਜਾਰੀ ਕੀਤਾ ਹੈ। ਡੀਓਪੀਪੀਡਬਲਿਊ ਦੇ ਸਕੱਤਰ ਵੀ. ਸ੍ਰੀਨਿਵਾਸ ਨੇ ਕਿਹਾ, ‘‘ਇਹ ਹੁਕਮ ਕਿਸੇ ਮੁਲਾਜ਼ਮ ਨੂੰ ਇਹ ਚੁਣਨ ਦਾ ਬਦਲ ਪ੍ਰਦਾਨ ਕਰਦਾ ਹੈ ਕਿ ਜੇਕਰ ਸੇਵਾਕਾਲ ਦੌਰਾਨ ਹੀ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਮੁੜ ਓਪੀਐੱਸ ਦੇ ਘੇਰੇ ਵਿੱਚ ਲਿਆ ਜਾਵੇ। ਇਹ ਮੁਲਾਜ਼ਮਾਂ ਵੱਲੋਂ ਮੰਗੇ ਜਾ ਰਹੇ ਸਪੱਸ਼ਟੀਕਰਨਾਂ ਨੂੰ ਹੱਲ ਕਰਦਾ ਹੈ।’’ -ਪੀਟੀਆਈ