ਯੂਨੀਅਨ ਦੇ ਆਗੂ ਦੀ ਕੁੱਟਮਾਰ ਦੇ ਮਾਮਲੇ ’ਚ ਕਾਰਵਾਈ ਮੰਗੀ
ਰਮੇਸ਼ ਭਾਰਦਵਾਜ
ਲਹਿਰਾਗਾਗਾ, 12 ਜੂਨ
ਇਥੇ ਪਿੰਡ ਖਾਈਂ ਦੇ ਮਾਸਟਰ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਦੀ ਲੱਤਾਂ ਤੋੜਨ ਖਿਲਾਫ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਚ ਦਾਖਲ ਹੋਣ ਮਗਰੋਂ ਇਨਸਾਫ਼ ਲਈ ਪਿਛਲੇ ਪੰਤਾਲੀ ਦਿਨਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਅੱਜ ਨੇੜਲੇ ਪਿੰਡ ਆਲਮਪੁਰ ਤੇ ਚੋਟੀਆਂ ਸਣੇ ਨਿਰਭੈ ਸਿੰਘ ਖਾਈ ਇਨਸਾਫ ਸੰਘਰਸ਼ ਕਮੇਟੀ ਵੱਲੋਂ ਪਿਛਲੇ ਬੀਤੇ 50 ਦਿਨਾਂ ਤੋ ਕਿਸਾਨ ਆਗੂ ਨਿਰਭੈ ਸਿੰਘ ਖਾਈ 'ਤੇ ਭੂ-ਮਾਫੀਆ ਗਰੋਹ ਵੱਲੋਂ ਕੀਤੇ ਗਏ ਕਾਤਲਾਨਾ ਹਮਲੇ ਦੇ ਸਬੰਧ ਵਿੱਚ ਅੱਜ ਪਿੰਡ ਆਲਮਪੁਰ ਅਤੇ ਚੋਟੀਆਂ ਵਿਖੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਰਿੰਦਰ ਗੋਇਲ ਦੀ ਭੂ-ਮਾਫੀਆ ਨਾਲ ਸਾਂਝ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ।
ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਹ ਰੋਸ ਮੁਜ਼ਾਹਰੇ ਹਲਕੇ ਦੇ ਪਿੰਡਾਂ ਵਿੱਚ ਜਾਰੀ ਰਹਿਣਗੇ। ਇਸ ਦੇ ਨਾਲ ਹੀ 15 ਜੂਨ ਨੂੰ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਵਿੱਚ ਪੱਕੇ ਮੋਰਚੇ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਰੋਸ ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ ਅਤੇ ਪਿੰਡ ਵਾਸੀਆਂ ਨੇ ਇਨਸਾਫ ਸੰਘਰਸ਼ ਦਾ ਸਾਥ ਦੇਣ ਦਾ ਐਲਾਨ ਕੀਤਾ। ਹਰਵਿੰਦਰ ਸਿੰਘ ਮਾਨ (ਰਾਜੇਵਾਲ ਗਰੁੱਪ), ਭੁਪਿੰਦਰ ਸਿੰਘ (ਹੋਤੀਪੁਰ), ਪੰਜਾਬ ਕਿਸਾਨ ਯੂਨੀਅਨ) ਲੀਲਾ ਸਿੰਘ (ਚੋਟੀਆਂ, ਕਿਸਾਨ ਯੂਨੀਅਨ ਏਕਤਾ ਆਜ਼ਾਦ) ਮਾਸਟਰ ਰਘਵੀਰ ਸਿੰਘ (ਭਟਾਲ, ਲੋਕ ਚੇਤਨਾ ਮੰਚ) ਮਹਿੰਦਰ ਸਿੰਘ (ਲਹਿਰਾਗਾਗਾ ਕਿਸਾਨ ਵਿਕਾਸ ਫਰੰਟ) ਸਵਰਨ ਸਿੰਘ (ਪੰਜਾਬ ਕਿਸਾਨ ਯੂਨੀਅਨ ਏਕਤਾ) ਮਾਸਟਰ ਸੁਖਵਿੰਦਰ ਗਿਰ (ਡੈਮੋਕਰੇਟਿਕ ਟੀਚਰ ਫਰੰਟ) ਦਰਸ਼ਨ ਸਿੰਘ ਖਾਈ (ਕਿਰਤੀ ਕਿਸਾਨ ਯੂਨੀਅਨ) ਪਾਲ ਸਿੰਘ ਖਾਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲੀਸ ਵੱਲੋਂ ਬਣਾਈ ਸਿਟ ਨੂੰ ਆਪਣੀ ਰਿਪੋਰਟ ਦੇ ਕੇ ਪੀੜਤ ਨਾਲ ਇਨਸਾਫ਼ ਦੇਣ ਦੀ ਮੰਗ ਕੀਤੀ। ਉਧਰ ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ ਇਸ ਧੱਕੇਸ਼ਾਹੀ ਵਿੱਚ ਉਨ੍ਹਾਂ ਦਾ ਕੋਈ ਰੋਲ ਨਹੀਂ ਤੇ ਪੁਲੀਸ ਬਣਦੀ ਕਾਰਵਾਈ ਕਰ ਰਹੀ ਹੈ।