ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਟੀ ਕਰਮਚਾਰੀ ਫੈਡਰੇਸ਼ਨ ਵੱਲੋਂ ਨਿਗਮ ਦਫ਼ਤਰ ਅੱਗੇ ਰੈਲੀ

07:19 AM May 09, 2025 IST
featuredImage featuredImage
ਯੂਟੀ ਕਰਮਚਾਰੀ ਫੈਡਰੇਸ਼ਨ ਵੱਲੋਂ ਨਿਗਮ ਦਫ਼ਤਰ ਅੱਗੇ ਰੋਸ ਰੈਲੀ ਕਰਦੇ ਹੋਏ ਕਰਮਚਾਰੀ।

ਕੁਲਦੀਪ ਸਿੰਘ
ਚੰਡੀਗੜ੍ਹ, 8 ਮਈ
ਯੂਟੀ ਕਰਮਚਾਰੀ ਫੈਡਰੇਸ਼ਨ ਚੰਡੀਗੜ੍ਹ ਦੇ ਸੱਦੇ ’ਤੇ ਅੱਜ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਨਗਰ ਨਿਗਮ ਦੇ ਮੁੱਖ ਇੰਜਨੀਅਰ ਦੇ  ਰਵੱਈਏ ਵਿਰੁੱਧ ਨਿਗਮ ਦਫ਼ਤਰ ਅੱਗੇ ਇਕ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਸ਼ਾਮਲ ਪ੍ਰਦਰਸ਼ਨਕਾਰੀਆਂ ਨੇ ਨਿਗਮ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ।
ਫੈਡਰੇਸ਼ਨ ਦੇ ਪ੍ਰਧਾਨ ਰਘਬੀਰ ਚੰਦ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਕਟੋਚ, ਹਰਕੇਸ਼ ਚੰਦ ਤੋਪਲਨ, ਨਸੀਬ ਸਿੰਘ, ਰਣਜੀਤ ਸਿੰਘ ਅਤੇ ਸੁਨੀਤਾ ਸ਼ਰਮਾ ਦੀ ਅਗਵਾਈ ਹੇਠ ਹੋਈ ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ, ਸੰਯੁਕਤ ਸਕੱਤਰ ਐਮ. ਸੁਬਰਾਮਨੀਅਮ, ਬਿਹਾਰੀ ਲਾਲ, ਉਜਾਗਰ ਸਿੰਘ ਮੋਹੀ, ਐਮ. ਰਾਜੇਂਦਰਨ, ਤਰੁਣ ਕੁਮਾਰ, ਰਾਮ ਸਰੂਪ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਿਗਮ ਦੇ ਅਧਿਕਾਰੀਆਂ, ਖਾਸ ਕਰਕੇ ਮੁੱਖ ਇੰਜੀਨੀਅਰ ਵੱਲੋਂ ਮੰਗਾਂ ਪ੍ਰਤੀ ਨਕਾਰਾਤਮਕ ਰਵੱਈਆ ਅਪਣਾਉਣ ਦੀ ਨਿੰਦਾ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਅਧਿਕਾਰੀਆਂ ਦੇ ਨਕਾਰਾਤਮਕ ਰਵੱਈਏ ਕਾਰਨ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ। ਕਰਮਚਾਰੀਆਂ ਦੀਆਂ ਮੰਗਾਂ ਮੰਨਣੀਆਂ ਤਾਂ ਦੂਰ ਦੀ ਗੱਲ ਹੈ, ਅਧਿਕਾਰੀਆਂ ਕੋਲ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਣਨ ਦਾ ਵੀ ਸਮਾਂ ਨਹੀਂ ਹੈ ਅਤੇ ਨਿਰਧਾਰਿਤ ਮੀਟਿੰਗਾਂ ਵੀ ਵਾਰ-ਵਾਰ ਮੁਲਤਵੀ ਕਰ ਦਿੱਤੀਆਂ ਜਾਂਦੀਆਂ ਹਨ ਜਿਸ ਕਾਰਨ ਕਰਮਚਾਰੀਆਂ ਵਿੱਚ ਗੁੱਸੇ ਦੀ ਲਹਿਰ ਹੈ।
ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ 7ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ ਅਤੇ ਬਕਾਏ ਦਾ ਤੁਰੰਤ ਭੁਗਤਾਨ, ਬੋਨਸ, ਪ੍ਰਮੋਸ਼ਨਲ ਸਕੇਲ, ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਪਦਉੱਨਤੀ ਅਸਾਮੀਆਂ ਨੂੰ ਤੁਰੰਤ ਭਰਨਾ ਅਤੇ ਭਰਤੀ ਨਿਯਮਾਂ ਵਿੱਚ ਸੋਧ ਕਰਨਾ, ਬੀਡੀਪੀਓ ਅਤੇ ਐੱਮਸੀ ਮਨੀਮਾਜਰਾ ਸਮੇਤ 10 ਸਾਲ ਪੂਰੇ ਕਰ ਚੁੱਕੇ ਸਾਰੇ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਬਾਗਬਾਨੀ ਵਿਭਾਗ ਅਧੀਨ ਚੱਲ ਰਹੇ ਗ੍ਰੀਨ ਬੈਲਟਾਂ ਅਤੇ ਪਾਰਕਾਂ ਨੂੰ ਐੱਮ.ਓ.ਯੂ. ਰਾਹੀਂ ਸੁਸਾਇਟੀਆਂ ਅਧੀਨ ਲਿਆਉਣ ਦੇ ਫੈਸਲੇ ਨੂੰ ਰੱਦ ਕਰਨਾ, 3-4 ਮਹੀਨਿਆਂ ਤੋਂ ਲੰਬਿਤ ਤਨਖਾਹ ਦਾ ਤੁਰੰਤ ਭੁਗਤਾਨ, ਤੇਲ, ਸਾਬਣ, ਵਰਦੀਆਂ, ਰੇਨਕੋਟ ਦਾ ਪ੍ਰਬੰਧ ਕਰਨਾ, ਸੇਵਾਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਅਤੇ ਗ੍ਰੈਚੁਟੀ ਦੀ ਅਦਾਇਗੀ, ਸਾਰੇ ਦਿਹਾੜੀਦਾਰ ਕਰਮਚਾਰੀਆਂ ਨੂੰ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇ ਸਿਧਾਂਤ ਤਹਿਤ ਮੁੱਢਲੇ ਡੀ.ਏ. ਅਤੇ ਹੋਰ ਭੱਤੇ ਲਾਗੂ ਕਰਨਾ, ਨਿਗਮ ਵਿੱਚ ਲਾਗੂ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਨੂੰ ਬੰਦ ਕਰਨਾ, 8-10 ਸਾਲਾਂ ਤੋਂ ਕੰਮ ਕਰ ਰਹੇ ਆਊਟਸੋਰਸ ਕਰਮਚਾਰੀਆਂ ਨੂੰ ਛਾਂਟੀ ਕਰਨ ਦੇ ਫੈਸਲੇ ਨੂੰ ਵਾਪਿਸ ਕਰਵਾਉਣਾ ਆਦਿ ਸ਼ਾਮਿਲ ਹੈ।
ਰੋਸ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਇੰਜੀਨੀਅਰ ਵੱਲੋਂ ਪੱਤਰ ਲਿਖਣ ਅਤੇ ਦੁਪਹਿਰ 3.30 ਵਜੇ ਮੀਟਿੰਗ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਲੜੀਵਾਰ ਧਰਨਿਆਂ ਦਾ ਪ੍ਰੋਗਰਾਮ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਗਿਆ।
ਰੈਲੀ ਵਿੱਚ ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਸਮਾਜਿਕ ਭਲਾਈ ਵਿਭਾਗ ਵੱਲੋਂ ਬਾਇਓਮੈਟ੍ਰਿਕ ਹਾਜ਼ਰੀ ਦੇ ਬਹਾਨੇ 7 ਕਰੈੱਚ ਵਰਕਰਾਂ ਅਤੇ ਸਹਾਇਕਾਂ ਨੂੰ ਨੌਕਰੀ ਤੋਂ ਕੱਢਣ ਦੀ ਸਖ਼ਤ ਆਲੋਚਨਾ ਕੀਤੀ ਗਈ। ਪ੍ਰਸ਼ਾਸਕ ਅਤੇ ਮੁੱਖ ਸਕੱਤਰ ਤੋਂ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਕਰਮਚਾਰੀਆਂ ਨੂੰ ਬਹਾਲ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ।

Advertisement

ਕਰੈੱਚ ਵਰਕਰਾਂ ਦੀ ਬਹਾਲੀ ਸਣੇ ਅਗਲੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦੀ ਅਪੀਲ

Advertisement

ਬਾਲ ਭਲਾਈ ਪਰਿਸ਼ਦ ਦੇ ਕਰਮਚਾਰੀਆਂ ਵੱਲੋਂ 14 ਮਈ, 2025 ਨੂੰ ਬਾਲ ਭਵਨ ਸੈਕਟਰ 23 ਵਿਖੇ ਕਰੈੱਚ ਵਰਕਰਾਂ ਨੂੰ ਬਹਾਲ ਕਰਨ ਲਈ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਰੈਲੀ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ 20 ਮਈ ਨੂੰ ਹੋਣ ਵਾਲੀ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਅਤੇ 20 ਮਈ ਨੂੰ ਹੜਤਾਲ ਤੋਂ ਬਾਅਦ ਸੈਕਟਰ 17 ਚੰਡੀਗੜ੍ਹ ਦੀ ਬ੍ਰਿੱਜ ਮਾਰਕੀਟ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਇੱਕ ਵਿਸ਼ਾਲ ਰੈਲੀ ਅਤੇ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਗਿਆ।

Advertisement