ਯੂਟਾਹ ਵਿਧਾਨ ਸਭਾ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ਲਈ ਮਤਾ ਪਾਸ
ਹਿਊਸਟਨ, 6 ਫਰਵਰੀ
ਅਮਰੀਕੀ ਸੂਬੇ ਯੂਟਾਹ ਦੀ ਵਿਧਾਨ ਸਭਾ ਨੇ ਮਨੁੱਖਤਾ ਪ੍ਰਤੀ ਦਿੱਤੀਆਂ ਸੇਵਾਵਾਂ ਲਈ ਸਿੱਖਾਂ ਨੂੰ ਸਨਮਾਨਿਤ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਹੈ। ਦੁਨੀਆਂ ਭਰ ਵਿੱਚ ਜ਼ੁਲਮ ਅਤੇ ਵਿਤਕਰੇ ਦਾ ਸਾਹਮਣਾ ਕਰਨ ਦੇ ਬਾਵਜੂਦ ਮਨੁੱਖਤਾ ਪ੍ਰਤੀ ਦਿੱਤੀਆਂ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਸ਼ਲਾਘਾ ਕੀਤੀ ਗਈ ਹੈ। ਇਹ ਮਤਾ ਪ੍ਰਤੀਨਿਧ ਐਂਜੇਲਾ ਰੋਮੇਰੋ ਅਤੇ ਸੈਨੇਟਰ ਲੱਜ਼ ਐਸਕੈਮਿਲਾ ਵੱਲੋਂ ਪੇਸ਼ ਕੀਤਾ ਗਿਆ ਸੀ ਅਤੇ ਇਸ ਨੂੰ ਪਿਛਲੇ ਹਫਤੇ ਪਾਸ ਕੀਤਾ ਗਿਆ ਹੈ। ਯੂਟਾਹ ਸੈਨੇਟ ਨੇ ਟਵੀਟ ਕਰਕੇ ਕਿਹਾ ਕਿ ਸੈਨੇਟ ਨੇ ਸਰਬਸੰਮਤੀ ਨਾਲ ਹਾਊਸ ਜੁਆਇੰਟ ਰੈਜ਼ੋਲਿਊਸ਼ਨ 4 ਨੂੰ ਉਜਾਗਰ ਕਰਨ ਵਾਲਾ ਮਤਾ ਪਾਸ ਕੀਤਾ ਹੈ। ਮਤੇ ਵਿੱਚ ਦੁਨੀਆਂ ਭਰ ’ਚ ਜ਼ੁਲਮ ਤੇ ਵਿਤਕਰੇ ਦਾ ਸਾਹਮਣਾ ਕਰਨ ਦੇ ਬਾਵਜੂਦ ਸਿੱਖ ਭਾਈਚਾਰੇ ਦੀਆਂ ਮਾਨਵਤਾਵਾਦੀ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਹੈ। ਮਤੇ ‘ਚ ਕਿਹਾ ਗਿਆ ਹੈ ਕਿ ਯੂਟਾਹ ਰਾਜ ਆਪਣੇ ਭਾਈਚਾਰੇ ਦੀ ਵਿਭਿੰਨਤਾ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ ਤੇ ਸਾਰੇ ਵਸਨੀਕਾਂ ਨੂੰ ਉਨ੍ਹਾਂ ਦੀ ਜਾਤ ਦੇ ਬਾਵਜੂਦ, ਮਨੁੱਖਾਂ ਦੀ ਬਰਾਬਰੀ ਦੇ ਮੌਕੇ ਤੱਕ ਪਹੁੰਚ ਲਈ ਕਾਨੂੰਨ ਲਾਗੂ ਕਰਨ ਵਾਸਤੇ ਸਿੱਖਾਂ ਦੇ ਅਮੀਰ ਇਤਿਹਾਸ ਅਤੇ ਸਾਂਝੇ ਤਜਰਬਿਆਂ ਨੂੰ ਬਿਹਤਰ ਢੰਗ ਨਾਲ ਸਮਝਣ, ਪਛਾਣਨ ਅਤੇ ਕਦਰ ਕਰਨ ਦਾ ਮੌਕਾ ਦਿੰਦਾ ਹੈ। ਸੈਨੇਟਰਾਂ ਨੇ ਮਤਾ ਪਾਸ ਕਰਨ ਤੋਂ ਪਹਿਲਾਂ ਸਿੱਖ ਮੈਂਬਰਾਂ ਦਾ ਖੜ੍ਹੇ ਹੋ ਕੇ ਸਵਾਗਤ ਕੀਤਾ ਅਤੇ ਜੈਕਾਰੇ ਲਗਾਏ। -ਪੀਟੀਆਈ