ਯੂਕਰੇਨ ਦੇ ਸਹਿਯੋਗੀਆਂ ਨੇ ਰੂਸ ’ਤੇ ਨਵੀਆਂ ਪਾਬੰਦੀਆਂ ਲਾਈਆਂ
ਕੀਵ, 20 ਮਈ
ਕੀਵ ਦੇ ਯੂਰਪੀ ਸਹਿਯੋਗੀਆਂ ਨੇ ਅੱਜ ਮਾਸਕੋ ’ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਇੱਕ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਾਲੇ ਫੋਨ ’ਤੇ ਹੋਈ ਗੱਲਬਾਤ ਦੇ ਬਾਵਜੂਦ ਯੂਕਰੇਨ ’ਚ ਤਿੰਨ ਸਾਲ ਤੋਂ ਚੱਲ ਰਹੀ ਜੰਗ ਖਤਮ ਕਰਨ ਲਈ ਕੋਈ ਹੱਲ ਨਹੀਂ ਨਿਕਲ ਸਕਿਆ।
ਜਰਮਨੀ ਦੇ ਵਿਦੇਸ਼ ਮੰਤਰੀ ਜੌਹਨ ਵੇਡਫੁਲ ਨੇ ਇਨ੍ਹਾਂ ਪਾਬੰਦੀਆਂ ਦਾ ਐਲਾਨ ਕਰਦਿਆਂ ਕਿਹਾ, ‘ਅਸੀਂ ਵਾਰ-ਵਾਰ ਸਪੱਸ਼ਟ ਕੀਤਾ ਹੈ ਕਿ ਹੁਣ ਅਸੀਂ ਰੂਸ ਤੋਂ ਸਿਰਫ਼ ਇੱਕ ਚੀਜ਼ ਦੀ ਆਸ ਕਰਦੇ ਹਾਂ ਅਤੇ ਉਹ ਬਿਨਾਂ ਸ਼ਰਤ ਤੇ ਤੁਰੰਤ ਜੰਗਬੰਦੀ ਹੈ।’ ਉਨ੍ਹਾਂ ਕਿਹਾ, ‘ਅਸੀਂ ਇਸ ਗੱਲ ਦਾ ਸਵਾਗਤ ਕਰਦੇ ਹਾਂ ਕਿ ਯੂਕਰੇਨ ਹਾਲੇ ਅਜਿਹਾ ਕਰਨ ਲਈ ਤਿਆਰ ਹੈ। ਸਾਨੂੰ ਇਹ ਜਾਣ ਕੇ ਬਹੁਤ ਨਿਰਾਸ਼ਾ ਹੋਈ ਕਿ ਰੂਸ ਹੁਣ ਵੀ ਇਹ ਕਦਮ ਚੁੱਕਣ ਬਾਰੇ ਫ਼ੈਸਲਾ ਨਹੀਂ ਕਰ ਰਿਹਾ।’ ਕੂਟਨੀਤਕ ਕੋਸ਼ਿਸ਼ਾਂ ਨਾਲ ਲੜਾਈ ਰੋਕਣ ’ਚ ਬਹੁਤ ਘੱਟ ਪ੍ਰਗਤੀ ਹੋਈ ਹੈ ਜਿਨ੍ਹਾਂ ’ਚ ਬੀਤੇ ਦਿਨ ਟਰੰਪ ਤੇ ਪੂਤਿਨ ਵਿਚਾਲੇ ਫੋਨ ’ਤੇ ਗੱਲਬਾਤ ਅਤੇ ਲੰਘੇ ਸ਼ੁੱਕਰਵਾਰ ਇਸਤਾਂਬੁਲ ’ਚ ਰੂਸੀ ਤੇ ਯੂਕਰੇਨੀ ਵਫ਼ਦਾਂ ਵਿਚਾਲੇ ਸਿੱਧੀ ਗੱਲਬਾਤ ਵੀ ਸ਼ਾਮਲ ਹੈ। ਫੋਨ ’ਤੇ ਗੱਲਬਾਤ ਦੌਰਾਨ ਪੂਤਿਨ ਨੇ ਵਾਅਦਾ ਕੀਤਾ ਸੀ ਕਿ ਉਹ ਸੰਭਾਵੀ ਭਵਿੱਖੀ ਸ਼ਾਂਤੀ ਸਮਝੌਤੇ ਲਈ ਰੂਪਰੇਖਾ ਵਾਲੇ ਯਾਦ ਪੱਤਰ ’ਤੇ ਯੂਕਰੇਨ ਨਾਲ ਕੰਮ ਕਰਨ ਲਈ ਤਿਆਰ ਹਨ। ਇਸੇ ਦੌਰਾਨ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਟੈਲੀਗ੍ਰਾਮ ’ਤੇ ਕਿਹਾ, ‘ਇਹ ਸਪੱਸ਼ਟ ਹੈ ਕਿ ਰੂਸ ਜੰਗ ਤੇ ਕਬਜ਼ੇ ਜਾਰੀ ਰੱਖਣ ਲਈ ਸਮੇਂ ਨੂੰ ਹੋਰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ।’ -ਪੀਟੀਆਈ