ਯੁੱਧ ਨਸ਼ਿਆਂ ਵਿਰੁੱਧ: ਸਕੇ ਭਰਾਵਾਂ ਦੀਆਂ ਉਸਾਰੀਆਂ ’ਤੇ ਚੱਲਿਆ ਪੀਲਾ ਪੰਜਾ
ਤਰਨ ਤਾਰਨ, 30 ਮਈ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਪ੍ਰਸ਼ਾਸਨ ਨੇ ਪੱਟੀ ਸ਼ਹਿਰ ਦੇ ਦੋ ਸਕੇ ਭਰਾਵਾਂ ਦੀਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਢਹਿ-ਢੇਰੀ ਕਰ ਦਿੱਤਾ। ਇਸ ਕਾਰਵਾਈ ਦੀ ਅਗਵਾਈ ਕਰਦਿਆਂ ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਪੱਟੀ ਦੇ ਨਸ਼ਾ ਤਸਕਰ ਰਾਜੀਵ ਕੁਮਾਰ ਅਤੇ ਉਸ ਦੇ ਭਰਾ ਸਾਜਨ ਕੁਮਾਰ ਵੱਲੋਂ ਪੱਟੀ ਦੇ ਵਾਰਡ ਨੰਬਰ 2 ਵਿੱਚ ਗੈਰਕਾਨੂੰਨੀ ਤੌਰ ’ਤੇ ਉਸਾਰੀ ਕੀਤੀ ਹੋਈ ਸੀ, ਜਿਸ ਸਬੰਧੀ ਪੱਟੀ ਦੇ ਤਹਿਸੀਲਦਾਰ ਨੇ ਇਨ੍ਹਾਂ ਨੂੰ ਢਾਹੁਣ ਦੇ ਹੁਕਮ ਜਾਰੀ ਕੀਤੇ ਸਨ। ਐੱਸਐੱਸਪੀ ਨੇ ਦੱਸਿਆ ਕਿ ਰਾਜੀਵ ਕੁਮਾਰ ਖ਼ਿਲਾਫ਼ 13 ਅਤੇ ਸਾਜਨ ਕੁਮਾਰ ਖ਼ਿਲਾਫ਼ ਨਸ਼ਿਆਂ ਦੀ ਤਸਕਰੀ ਦੇ ਨੌਂ ਮਾਮਲੇ ਦਰਜ ਕੀਤੇ ਹੋਏ ਹਨ।
ਬੁਲਡੋਜ਼ਰ ਕਾਰਵਾਈ ਦੀ ਅਗਵਾਈ ਕਰਦਿਆਂ ਐੱਸਐੱਸਪੀ ਨੇ ਨਸ਼ਾ ਤਸਕਰਾਂ ਨੂੰ ਆਪਣੀਆਂ ਕਰਵਾਈਆਂ ਤੋਂ ਬਾਜ ਨਾ ਆਉਣ ’ਤੇ ਸਖਤ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ| ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਪਹਿਲੀ ਮਾਰਚ ਤੋਂ ਸ਼ੁਰੂ ਕੀਤੀ ਇਸ ਕਾਰਵਾਈ ਤਹਿਤ ਜ਼ਿਲ੍ਹਾ ਪੁਲੀਸ ਨੇ ਐੱਨਡੀਪੀਐੱਸ ਐਕਟ ਦੇ ਕੁੱਲ 433 ਮੁਕੱਦਮੇ ਦਰਜ ਕਰਕੇ 571 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 144 ਕਿਲੋ ਹੈਰੋਇਨ, 8 ਕਿਲੋ ਅਫੀਮ ਅਤੇ ਲਗਭਗ 66 ਲੱਖ ਦੇ ਕਰੀਬ ਡਰੱਗ ਮਨੀ ਬਰਾਮਦ ਕਰਕੇ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਅੱਜ ਦੀ ਕਾਰਵਾਈ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਪੱਟੀ ਵਿੱਚ ਹੀ ਇਕ ਕਾਰਵਾਈ ਕੀਤੀ ਜਾ ਚੁੱਕੀ ਹੈ।