‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਾਰਵਾਈ ਤੇਜ਼
ਗੁਰਿੰਦਰ ਸਿੰਘ
ਲੁਧਿਆਣਾ, 24 ਮਈ
ਪੁਲੀਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਾਰਵਾਈ ਤੇਜ਼ ਕਰਦਿਆਂ ਪੁਲੀਸ ਨੇ ਨੌਂ ਨਸ਼ਾ ਤਸਕਰਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਦੇ ਥਾਣੇਦਾਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਬਚਨ ਸਿੰਘ ਮਾਰਗ ਨੇੜੇ ਐੱਚ ਬਲਾਕ ਤੋਂ ਸਾਹਿਲ ਕੁਮਾਰ ਵਾਸੀ ਅੰਬੇਡਕਰ ਨਗਰ ਨੇ ਐਕਟਿਵਾ ’ਤੇ ਬੈਠਿਆਂ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਤਲਾਸ਼ੀ ਲਈ ਜਿਸ ਪਾਸੋਂ 272 ਗ੍ਰਾਮ ਹੈਰੋਇਨ ਅਤੇ 14 ਹਜ਼ਾਰ 340 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਥਾਣਾ ਡਾਬਾ ਦੇ ਥਾਣੇਦਾਰ ਰਜਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਡਾਬਾ ਲੋਹਾਰਾ ਰੋਡ ਲੋਹਾਰਾ ਕਲੋਨੀ ਤੋਂ ਮੰਗਾ ਸਿੰਘ ਵਾਸੀ ਮੁਹੱਲਾ ਬਸੰਤ ਨਗਰ ਨੂੰ ਇੰਡੀਅਨ ਪਬਲਿਕ ਸਕੂਲ ਦੀ ਤਰਫੋਂ ਪੈਦਲ ਆਉਂਦਿਆਂ ਸ਼ੱਕ ’ਤੇ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 23 ਗਰਾਮ ਹੈਰੋਇਨ ਬਰਾਮਦ ਹੋਈ। ਥਾਣਾ ਸ਼ਿਮਲਾਪੁਰੀ ਦੇ ਥਾਣੇਦਾਰ ਕਪਿਲ ਕੁਮਾਰ ਨੂੰ ਗਸ਼ਤ ਦੌਰਾਨ ਪ੍ਰੀਤ ਨਗਰ ਚਿਮਨੀ ਰੋਡ ਸ਼ਿਮਲਾਪੁਰੀ ਤੋਂ ਮਨੀਸ਼ ਕੁਮਾਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਸ਼ਿਮਲਾਪੁਰੀ ਅਤੇ ਅਭਿਨਵ ਕੁਮਾਰ ਵਾਸੀ ਮੁਹੱਲਾ ਬਸੰਤ ਨਗਰ ਨੂੰ ਇੱਕ ਖ਼ਾਲੀ ਪਲਾਟ ਵਿੱਚ ਖੜ੍ਹਿਆਂ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰਾਨਿਕ ਕੰਡਾ, 20 ਜਿਪਲਾਕ ਪਾਰਦਰਸ਼ੀ ਮੋਮੀ ਲਿਫਾਫੀਆਂ ਅਤੇ 1120 ਰੁਪਏ ਬਰਾਮਦ ਕੀਤੇ ਹਨ। ਥਾਣਾ ਸਰਾਭਾ ਨਗਰ ਦੇ ਥਾਣੇਦਾਰ ਹਰਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਮੇਨ ਫਿਰੋਜ਼ਪੁਰ ਰੋਡ ਤੋਂ ਗੁਰਦੀਪ ਸਿੰਘ ਵਾਸੀ ਬਸਤੀ ਟਿੱਬੇ ਵਾਲੀ ਜਿਲਾ ਫਿਰੋਜ਼ਪੁਰ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਉਸ ਪਾਸੋਂ 45 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਜਮਾਲਪੁਰ ਦੇ ਥਾਣੇਦਾਰ ਜੋਗਿੰਦਰ ਪਾਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਬੰਦ ਠੇਕਾ ਭਾਮੀਆਂ ਕਲਾਂ ਤੋਂ ਜਤਿੰਦਰ ਕੁਮਾਰ ਵਾਸੀ ਰਾਮ ਨਗਰ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਤਲਾਸ਼ੀ ਲੈਣ ’ਤੇ ਉਸ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਡਿਵੀਜ਼ਨ ਨੰਬਰ 7 ਦੇ ਥਾਣੇਦਾਰ ਨਿਰਮਲ ਸਿੰਘ ਨੇ ਗਸ਼ਤ ਦੌਰਾਨ ਈਡਬਲਿਊਐੱਸ ਕਲੋਨੀ ਤੋਂ ਅਜੇ ਅਤੇ ਦੀਪਕ ਕੁਮਾਰ ਤੋਂਂ 27 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ 7 ਦੇ ਥਾਣੇਦਾਰ ਮੋਹਣ ਸਿੰਘ ਸਪੈਸ਼ਲ ਸੈੱਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਈਡਬਲਿਊਐੱਸ ਕਲੋਨੀ ਤੋਂ ਮੁਹੰਮਦ ਸਾਬਿਰ ਵਾਸੀ ਬਾਬਾ ਨਾਮਦੇਵ ਕਲੋਨੀ ਨੂੰ ਕਾਬੂ ਕਰ ਕੇ ਉਸ ਪਾਸੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।