ਯੁੱਧ ਨਸ਼ਿਆਂ ਵਿਰੁੱਧ: ਬਹਿਬਲ ਖੁਰਦ, ਬੁਰਜ ਹਰੀਕਾ ਤੇ ਘਣੀਆਂ ਵਿੱਚ ਜਾਗਰੂਕਤਾ ਸਮਾਗਮ
ਸ਼ਗਨ ਕਟਾਰੀਆ
ਜੈਤੋ, 1 ਜੂਨ
ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਹਲਕੇ ਦੇ ਪਿੰਡਾਂ ਬਹਿਬਲ ਖੁਰਦ, ਬੁਰਜ ਹਰੀਕਾ ਅਤੇ ਘਣੀਆਂ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਹੋਏ ਜਾਗਰੂਕਤਾ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਅਤੇ ਕੀਤੀਆਂ ਗਈਆਂ ‘ਨਸ਼ਾ ਮੁਕਤੀ ਯਾਤਰਾਵਾਂ’ ਦੀ ਅਗਵਾਈ ਵੀ ਕੀਤੀ।
ਇਨ੍ਹਾਂ ਮੌਕਿਆਂ ’ਤੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਲੋਕਾਂ ਦਾ ਪੂਰਨ ਯੋਗਦਾਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾਵਾਂ ਦਾ ਮਕਸਦ ਸਮੂਹ ਵਰਗਾਂ ਦੇ ਸਹਿਯੋਗ ਨਾਲ ਨਸ਼ਿਆਂ ਦਾ ਖਾਤਮਾ ਕਰਨਾ ਹੈ ਅਤੇ ਨੌਜਵਾਨੀ ਨੂੰ ਇਸ ਤੋਂ ਬਚਾਉਣਾ ਹੈ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਪਿੰਡਾਂ ਵਿੱਚ ਪਹਿਰੇਦਾਰਾਂ ਦੀ ਤਰ੍ਹਾਂ ਕੰਮ ਕਰਨ ਅਤੇ ਕਿਸੇ ਵੀ ਨਸ਼ਾ ਵੇਚਣ ਵਾਲੇ ਦਾ ਸਾਥ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਪਿੰਡਾਂ ਵਿੱਚ ਕੋਈ ਸ਼ਖ਼ਸ ਨਸ਼ੇ ਦਾ ਸੇਵਨ ਕਰਦਾ ਹੈ, ਤਾਂ ਉਸ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਜਾਵੇ। ਵਿਧਾਇਕ ਨੇ ਪਿੰਡਾਂ ਦੇ ਬਾਸ਼ਿੰਦਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਵੀ ਚੁਕਵਾਉਂਦਿਆਂ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਆਪਣੇ ਫ਼ਰਜ਼ ਅਦਾ ਕਰਨ ਦੀ ਅਪੀਲ ਕੀਤੀ।
ਇਨ੍ਹਾਂ ਮੌਕਿਆਂ ’ਤੇ ਪਿੰਡਾਂ ਦੇ ਨਿਵਾਸੀਆਂ ਤੋਂ ਇਲਾਵਾ ਐੱਸਡੀਐੱਮ ਜੈਤੋ ਸੂਰਜ ਕੁਮਾਰ, ਬੀਡੀਪੀਓ ਜੈਤੋ ਇਕਬਾਲ ਸਿੰਘ ਸੰਧੂ, ਚੇਅਰਮੈਨ ਗੋਬਿੰਦਰ ਸਿੰਘ ਵਾਲੀਆ, ਚੇਅਰਮੈਨ ਡਾ. ਲਛਮਣ ਭਗਤੂਆਣਾ, ਇੰਚਾਰਜ ਨਸ਼ਾ ਵਿਰੋਧੀ ਸੈੱਲ ਨਰਿੰਦਰ ਪਾਲ ਰਾਮੇਆਣਾ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।