ਯਮੁਨਾਨਗਰ ਵਿੱਚ ਮੀਂਹ ਕਾਰਨ ਕਈ ਕਲੋਨੀਆਂ ਜਲ-ਥਲ
ਦਵਿੰਦਰ ਸਿੰਘ
ਯਮੁਨਾਨਗਰ, 25 ਮਈ
ਮੀਂਹ ਕਾਰਨ ਸਥਾਨਕ ਸ਼ਹਿਰ ਦੀਆਂ ਕਲੋਨੀਆਂ ’ਚ ਪਾਣੀ ਭਰ ਗਿਆ। ਜਾਣਕਾਰੀ ਅਨੁਸਾਰ ਯਮੁਨਾਨਗਰ ਦੀਆਂ ਆਜ਼ਾਦ ਨਗਰ, ਟੇਗੋਰ ਗਾਰਡਨ, ਰਾਮਪੁਰਾ, ਗਰੀਨ ਪਾਰਕ ਕਲੋਨੀ, ਵਿਜੇ ਕਲੋਨੀ, ਸਰੋਜਨੀ ਕਲੋਨੀ, ਲਾਜਪਤ ਨਗਰ ਦੇ ਘਰਾਂ ਵਿੱਚ ਮੀਂਹ ਪਾਣੀ ਦਾਖਲ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਲੋਕਾਂ ਦਾ ਕਹਿਣਾ ਸੀ ਕਿ ਮਾਤਰ 2 ਘੰਟੇ ਦੀ ਬਰਸਾਤ ਨਾਲ ਹੀ ਸ਼ਹਿਰ ਦੇ ਇਹ ਹਾਲਾਤ ਹੋ ਗਏ ਹਨ ਤਾਂ ਮੌਨਸੂਨ ਵਿੱਚ ਕੀ ਹੋਵੇਗਾ। ਮੀਂਹ ਦਾ ਪਾਣੀ ਸੜਕਾਂ ਅਤੇ ਕਲੋਨੀਆਂ ਵਿੱਚ ਭਰਨ ਦੀ ਸਥਿਤੀ ਜਾਣਨ ਲਈ ਮੇਅਰ ਸੁਮਨ ਬਾਂਹਮਣੀ ਖੁਦ ਮੈਦਾਨ ਵਿੱਚ ਆਈ। ਉਨ੍ਹਾਂ ਨੇ ਮੀਂਹ ਵਿੱਚ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦਾ ਨਿਰੀਖਣ ਕੀਤਾ ਅਤੇ ਨਿਗਮ ਕਰਮਚਾਰੀਆਂ ਦੀ ਮਦਦ ਨਾਲ ਸਫਾਈ ਕਰਕੇ ਪਾਣੀ ਦੀ ਨਿਕਾਸੀ ਕਰਵਾਈ। ਉਨ੍ਹਾਂ ਨੇ ਨਾਲੀਆਂ ਅਤੇ ਸੀਵਰੇਜ ਦੀ ਸਫਾਈ ਦਾ ਕੰਮ ਕਰ ਰਹੀ ਏਜੰਸੀ ਦੇ ਠੇਕੇਦਾਰ ਨੂੰ ਝਿੜਕਿਆ ਅਤੇ ਇਹ ਵੀ ਚਿਤਾਵਨੀ ਦਿੱਤੀ ਕਿ ਪਾਣੀ ਭਰਨ ਦੀ ਸਥਿਤੀ ਵਿੱਚ ਕੋਈ ਨਰਮੀ ਨਹੀਂ ਦਿਖਾਈ ਜਾਵੇਗੀ। ਉਨ੍ਹਾਂ ਸਾਰੇ ਕੌਂਸਲਰਾਂ ਤੋਂ ਉਨ੍ਹਾਂ ਦੇ ਵਾਰਡਾਂ ਵਿੱਚ ਪਾਣੀ ਭਰੇ ਇਲਾਕਿਆਂ ਬਾਰੇ ਰਿਪੋਰਟ ਮੰਗੀ ਅਤੇ ਸਬੰਧਤ ਅਧਿਕਾਰੀਆਂ ਨੂੰ ਇਲਾਕਿਆਂ ਦੀ ਸਫਾਈ ਅਤੇ ਪਾਣੀ ਦੀ ਨਿਕਾਸੀ ਦੇ ਨਿਰਦੇਸ਼ ਦਿੱਤੇ।
ਮੇਅਰ ਨੇ ਨਿਗਮ ਕਮਿਸ਼ਨਰ ਅਖਿਲ ਪਿਲਾਨੀ ਨੂੰ ਨਾਲੀਆਂ ਦੀ ਸਫਾਈ ਵਿੱਚ ਲਾਪਰਵਾਹੀ ਵਰਤਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਅਤੇ ਜਨ ਸਿਹਤ ਵਿਭਾਗ ਦੇ ਐਕਸੀਅਨ ਨੂੰ ਸਾਰੇ ਸੀਵਰਾਂ ਦੀ ਸਫਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਸ਼ਹਿਰ ਵਿੱਚ ਪਾਣੀ ਭਰਨ ਦੀ ਸਥਿਤੀ ਜਾਣਨ ਲਈ ਚੀਫ ਸੈਨੀਟੇਸ਼ਨ ਇੰਸਪੈਕਟਰ ਹਰਜੀਤ ਸਿੰਘ ਦੇ ਨਾਲ ਜ਼ੋਨ ਵਨ ਦੇ ਸੈਕਟਰ- 17 ਦੇ ਜਗਾਧਰੀ ਵਿੱਚ ਵੱਖ-ਵੱਖ ਥਾਵਾਂ ਦਾ ਨਿਰੀਖਣ ਕੀਤਾ ਅਤੇ ਨਾਲ ਹੀ ਜਿਮਖਾਨਾ ਕਲੱਬ, ਪ੍ਰੋਫੈਸਰ ਕਲੋਨੀ, ਸ਼ਕਤੀ ਨਗਰ, ਸਟੋਰਮ ਵਾਟਰ ਲਾਈਨ, ਮਾਡਲ ਟਾਊਨ, ਵੇਅਰਹਾਊਸ, ਟੈਗੋਰ ਗਾਰਡਨ ਅਤੇ ਹੋਰ ਥਾਵਾਂ ’ਤੇ ਪਾਣੀ ਭਰਨ ਦੀ ਸਥਿਤੀ ਦੀ ਜਾਂਚ ਕੀਤੀ ਗਈ। ਉਨ੍ਹਾਂ ਨੇ ਸਬੰਧਤ ਸੈਨੀਟੇਸ਼ਨ ਇੰਸਪੈਕਟਰਾਂ ਅਤੇ ਡਰੇਨ ਸਫਾਈ ਏਜੰਸੀ ਦੇ ਠੇਕੇਦਾਰ ਨੂੰ ਮੌਕੇ ’ਤੇ ਬੁਲਾਇਆ ਅਤੇ ਉਨ੍ਹਾਂ ਨੂੰ ਨਾਲੀਆਂ ਦੀ ਸਫਾਈ ਵਿੱਚ ਤੇਜ਼ੀ ਲਿਆਉਣ ਅਤੇ ਸਫਾਈ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਹਦਾਇਤ ਕੀਤੀ।
ਮੇਅਰ ਉਨ੍ਹਾਂ ਲੋਕਾਂ ਦੇ ਘਰਾਂ ਵਿੱਚ ਵੀ ਗਏ ਜਿਨ੍ਹਾਂ ਦੇ ਘਰ ਪਾਣੀ ਵਿੱਚ ਡੁੱਬੇ ਹੋਏ ਸਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਕਿਹਾ ਕਿ ਜਨਤਾ ਦੀਆਂ ਸਮੱਸਿਆਵਾਂ ਦਾ ਸਥਾਈ ਹਲ ਕੀਤਾ ਜਾਵੇਗਾ।