ਮੱਧ ਪ੍ਰਦੇੇਸ਼: ਮਾਨ ਵੱਲੋਂ ‘ਆਪ’ ਉਮੀਦਵਾਰ ਦੇ ਹੱਕ ’ਚ ਰੋਡ ਸ਼ੋਅ
ਟ੍ਰਿਬਿਊਨ ਨਿਊਜ਼ ਸਰਵਿਸ
ਬਾਲਾਘਾਟ/ਚੰਡੀਗੜ੍ਹ, 14 ਨਵੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੱਧ ਪ੍ਰਦੇਸ਼ ਦੇ ਕਟੰਗੀ ਵਿੱਚ ਪਾਰਟੀ ਉਮੀਦਵਾਰ ਦੇ ਹੱਕ ’ਚ ਰੋਡ ਸ਼ੋਅ ਕੀਤਾ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾਉਣ। ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਭਾਰੀ ਭੀੜ ਮੱਧ ਪ੍ਰਦੇਸ਼ ’ਚ ਬਦਲਾਅ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਿਹਤ ਖਰਾਬ ਹੋਣ ਕਾਰਨ ਅੱਜ ਉਨ੍ਹਾਂ ਨਾਲ ਸ਼ਾਮਲ ਨਹੀਂ ਹੋ ਸਕੇ, ਪਰ 3 ਦਸੰਬਰ ਨੂੰ ਉਹ ਕਟੰਗੀ ਦੇ ਲੋਕਾਂ ਨਾਲ ਜਿੱਤ ਦਾ ਜਸ਼ਨ ਮਨਾਉਣਗੇ। ਸ੍ਰੀ ਮਾਨ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਲੋਕਾਂ ਨਾਲ ਝੂਠ ਤੇ ਜੁਮਲੇਬਾਜ਼ੀ ਤੋਂ ਸਿਵਾਏ ਕੁਝ ਨਹੀਂ ਕਰਦੀਆਂ ਹਨ, ਜਦੋਂ ਕਿ ‘ਆਪ’ ਆਪਣੇ ‘ਝਾੜੂ’ ਨਾਲ ਦੇਸ਼ ਦੀ ਸਿਆਸੀ ਗੰਦਗੀ ਨੂੰ ਸਾਫ਼ ਕਰਨ ਵਿੱਚ ਲੱਗੀ ਹੋਈ ਹੈ। ਮੱਧ ਪ੍ਰਦੇਸ਼ ਵਿੱਚ ਗਰੀਬਾਂ ਦੇ ਬੱਚਿਆਂ ਨੂੰ ਸਿੱਖਿਆ ਨਹੀਂ ਮਿਲਦੀ, ਆਮ ਲੋਕਾਂ ਨੂੰ ਚੰਗਾ ਇਲਾਜ, ਸਾਫ਼ ਪਾਣੀ, ਬਜਿਲੀ ਆਦਿ ਨਹੀਂ ਮਿਲਦਾ। ਜਦੋਂ ਕਿ ਪੰਜਾਬ ਤੇ ਦਿੱਲੀ ’ਚ ਲੋਕਾਂ ਕੋਲ ਚੰਗੇ ਸਰਕਾਰੀ ਸਕੂਲ ਅਤੇ ਹਸਪਤਾਲ ਹਨ, ਸਾਫ਼ ਪਾਣੀ ਹੈ ਅਤੇ ਪੰਜਾਬ ਦੇ 90 ਫੀਸਦੀ ਘਰਾਂ ਨੂੰ ਬਜਿਲੀ ਦਾ ਬਿੱਲ ਜ਼ੀਰੋ ਆਉਂਦਾ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਕੋਲ ਕੁਦਰਤੀ ਸਰੋਤਾਂ ਸਣੇ ਸਭ ਕੁਝ ਹੈ, ਪਰ ਉਨ੍ਹਾਂ ਕੋਲ ਇਮਾਨਦਾਰ ਸਿਆਸਤਦਾਨ ਅਤੇ ਚੰਗੀ ਸਰਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਤੇਂਦਰ ਜੈਨ ਨੇ ਦਿੱਲੀ ਵਿਚ ਸਿਹਤ ਕ੍ਰਾਂਤੀ ਲਿਆਂਦੀ, ਮੋਦੀ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ।
ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ‘ਅਪਮਾਨਜਨਕ’ ਟਿੱਪਣੀਆਂ ਲਈ ‘ਆਪ’ ਨੂੰ ਨੋਟਿਸ
ਨਵੀਂ ਦਿੱਲੀ: ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ‘ਅਪਮਾਨਜਨਕ’ ਟਿੱਪਣੀਆਂ ਕਰਨ ’ਤੇ ਚੋਣ ਕਮਿਸ਼ਨ ਨੇ ਅੱਜ ‘ਆਪ’ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਚੋਣ ਜ਼ਾਬਤੇ ਦੀ ਉਲੰਘਣਾ ’ਤੇ ‘ਆਪ’ ਕੋਲੋਂ 16 ਨਵੰਬਰ ਤੱਕ ਜਵਾਬ ਮੰਗਿਆ ਹੈ। ਇਹ ਨੋਟਿਸ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਗਿਆ ਹੈ। ਭਾਜਪਾ ਨੇ 10 ਨਵੰਬਰ ਨੂੰ ਕਮਿਸ਼ਨ ਕੋਲ ਪਹੁੰਚ ਕਰ ਕੇ ‘ਆਪ’ ਵਿਰੁੱਧ ਕਾਰਵਾਈ ਮੰਗੀ ਸੀ। ਉਨ੍ਹਾਂ ਕਿਹਾ ਸੀ ਕਿ ‘ਆਪ’ ਨੇ ਇਕ ਅਜਿਹੀ ਵੀਡੀਓ ਪੋਸਟ ਕੀਤੀ ਹੈ ਜੋ ਕਿ ‘ਬਰਦਾਸ਼ਤ ਤੋਂ ਬਾਹਰ ਹੈ’ ਅਤੇ ਅਨੈਤਿਕ ਹੈ। ਇਸ ਰਾਹੀਂ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। -ਪੀਟੀਆਈ