ਮੱਧ ਪ੍ਰਦੇਸ਼: ਸਿਟ ਨੇ ਮੰਤਰੀ ਵਿਜੈ ਸ਼ਾਹ ਦੀਆਂ ਵਿਵਾਦਤ ਟਿੱਪਣੀਆਂ ਦੀ ਜਾਂਚ ਆਰੰਭੀ
ਭੁਪਾਲ, 24 ਮਈ
ਸੁਪਰੀਮ ਕੋਰਟ ਦੇ ਹੁਕਮਾਂ ’ਤੇ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਮੱਧ ਪ੍ਰਦੇਸ਼ ਸਰਕਾਰ ਵਿੱਚ ਮੰਤਰੀ ਵਿਜੈ ਸ਼ਾਹ ਦੀਆਂ ਵਿਵਾਦਤ ਟਿੱਪਣੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮ ਦੇ ਇਕ ਮੈਂਬਰ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਤਿੰਨ ਮੈਂਬਰੀ ਸਿਟ ਨੇ ਇੰਦੌਰ ਜ਼ਿਲ੍ਹੇ ਦੇ ਮਹੂ ਨੇੜੇ ਰਾਇਕੁੰਡਾ ਪਿੰਡ ਵਿੱਚ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ, ਜਿੱਥੇ ਸ਼ਾਹ ਨੇ 12 ਮਈ ਨੂੰ ਕਰਨਲ ਸੋਫੀਆ ਕੁਰੈਸ਼ੀ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਸਾਗਰ ਜ਼ੋਨ ਦੇ ਆਈਜੀ ਪ੍ਰਮੋਦ ਵਰਮਾ ਸਿਟ ਦੇ ਮੁਖੀ ਹਨ ਜਦਕਿ ਵਿਸ਼ੇਸ਼ ਹਥਿਆਰਬੰਦ ਬਲ ਦੇ ਡੀਆਈਜੀ ਕਲਿਆਣ ਚੱਕਰਵਰਤੀ ਅਤੇ ਡਿੰਡੋਰੀ ਦੀ ਐੱਸਪੀ ਵਾਹਿਨੀ ਸਿੰਘ ਜਾਂਚ ਟੀਮ ਦੇ ਮੈਂਬਰ ਹਨ। ਸਿਟ ਦੇ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੇ ਵੀਰਵਾਰ ਨੂੰ ਜਾਂਚ ਸ਼ੁਰੂ ਕੀਤੀ ਸੀ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਆਦੇਸ਼ ਦਿੱਤਾ ਸੀ ਕਿ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਸਿਟ ਦਾ ਗਠਨ ਕੀਤਾ ਜਾਵੇ। ਇਹ ਪੁੱਛੇ ਜਾਣ ’ਤੇ ਕਿ ਮੰਤਰੀ ਵਿਜੈ ਸ਼ਾਹ ਕੋਲੋਂ ਕਦੋਂ ਪੁੱਛ-ਪੜਤਾਲ ਕੀਤੀ ਜਾਵੇਗੀ, ਸਿਟ ਦੇ ਮੈਂਬਰ ਨੇ ਕਿਹਾ, ‘‘ਅਸੀਂ ਕੰਮ ਕਰ ਰਹੇ ਹਾਂ। ਬੱਸ ਐਨਾ ਹੀ। ਅਸੀਂ ਇੰਦੌਰ ਵਿੱਚ ਹੀ ਰਹਾਂਗੇ।’’ -ਪੀਟੀਆਈ
ਕਾਂਗਰਸੀ ਆਗੂ ਨੇ ਵਿਜੈ ਸ਼ਾਹ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ
ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿੱਚ ਕਾਂਗਰਸ ਦੇ ਇਕ ਆਗੂ ਨੇ ਪੋਸਟਰ ਲਗਾ ਕੇ ਦਾਅਵਾ ਕੀਤਾ ਹੈ ਕਿ ਸੂਬੇ ਦੇ ਮੰਤਰੀ ਵਿਜੈ ਸ਼ਾਹ ਲਾਪਤਾ ਹਨ। ਇੰਦੌਰ ਜ਼ਿਲ੍ਹਾ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਵਿਵੇਕ ਖੰਡੇਲਵਾਲ ਨੇ ਗੁੰਮਸ਼ੁਦਾ ਦੀ ਭਾਲ ਸਿਰਲੇਖ ਵਾਲੇ ਪੋਸਟਰਾਂ ਰਾਹੀਂ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਸਬੰਧੀ ਜਾਣਕਾਰੀ ਦੇਣ ਵਾਲੇ ਲਈ 11,000 ਰੁਪਏ ਇਨਾਮ ਰਾਸ਼ੀ ਦੀ ਪੇਸ਼ਕਸ਼ ਕੀਤੀ ਹੈ। -ਪੀਟੀਆਈ